National News: ਸੈਲਫੀ ਲੈਣ ਦੇ ਚੱਕਰ ਵਿਚ ਦੋ ਔਰਤਾਂ ਦੀ ਗਈ ਜਾਨ
ਜ਼ਿਲ੍ਹਾ ਆਫ਼ਤ ਕੰਟਰੋਲ ਰੂਮ ਦੇ ਅਨੁਸਾਰ, ਪਾਇਲ ਸੈਲਫੀ ਲੈਂਦੇ ਸਮੇਂ ਅਪਣਾ ਸੰਤੁਲਨ ਗੁਆ ਬੈਠੀ
National News: ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਸੈਲਫੀ ਲੈਂਦੇ ਸਮੇਂ ਦੋ ਔਰਤਾਂ ਦੀ ਜਾਨ ਚਲੀ ਗਈ। ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਮਟੇਲਾ ਇਲਾਕੇ 'ਚ ਵੀਰਵਾਰ ਨੂੰ ਸੈਲਫੀ ਲੈਂਦੇ ਸਮੇਂ ਇਕ ਔਰਤ ਪਹਾੜ ਤੋਂ ਹੇਠਾਂ ਖਾਈ 'ਚ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ। ਜ਼ਿਲ੍ਹਾ ਆਫ਼ਤ ਕੰਟਰੋਲ ਰੂਮ ਨੇ ਇਹ ਜਾਣਕਾਰੀ ਦਿਤੀ।
ਜ਼ਿਲ੍ਹਾ ਆਫ਼ਤ ਕੰਟਰੋਲ ਰੂਮ ਅਨੁਸਾਰ ਔਰਤ ਦੀ ਪਛਾਣ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ਦੀ ਰਹਿਣ ਵਾਲੀ ਸੋਨਲ ਪਾਇਲ (37) ਵਜੋਂ ਹੋਈ ਹੈ, ਜੋ ਉਸ ਸਮੇਂ ਅਪਣੇ ਪਤੀ ਨਾਲ ਸੀ। ਉਹ ਇਕ ਹਸਪਤਾਲ ਵਿਚ ‘ਚੀਫ਼ ਫਾਰਮਾਸਿਸਟ’ ਸੀ।
ਜ਼ਿਲ੍ਹਾ ਆਫ਼ਤ ਕੰਟਰੋਲ ਰੂਮ ਦੇ ਅਨੁਸਾਰ, ਪਾਇਲ ਸੈਲਫੀ ਲੈਂਦੇ ਸਮੇਂ ਅਪਣਾ ਸੰਤੁਲਨ ਗੁਆ ਬੈਠੀ ਅਤੇ ਪਹਾੜੀ ਤੋਂ 100 ਮੀਟਰ ਹੇਠਾਂ ਖਾਈ ਵਿਚ ਡਿੱਗ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਉਸ ਦਾ ਪਤੀ ਵੀ ਪਹਾੜੀ ਤੋਂ ਹੇਠਾਂ ਉਤਰ ਆਇਆ ਪਰ ਸੰਘਣੀ ਝਾੜੀਆਂ ਕਾਰਨ ਉਹ ਉਸ ਨੂੰ ਲੱਭ ਨਹੀਂ ਸਕਿਆ ਅਤੇ ਰਾਹ ਭੁੱਲ ਗਿਆ।
ਬਾਅਦ 'ਚ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਨੇ ਰੱਸੀ ਦੀ ਮਦਦ ਨਾਲ ਖਾਈ 'ਚ ਉਤਰ ਕੇ ਲਾਸ਼ ਨੂੰ ਮੁੱਖ ਸੜਕ 'ਤੇ ਪਹੁੰਚਾਇਆ। ਟੀਮ ਨੇ ਔਰਤ ਦੇ ਪਤੀ ਨੂੰ ਵੀ ਲੱਭ ਲਿਆ ਅਤੇ ਉਸ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ। ਇਸ ਦੇ ਨਾਲ ਹੀ ਹਿਮਾਚਲ ਪੁਲਿਸ ਨੇ ਕਿਹਾ ਕਿ ਹਰਿਆਣਾ ਦੀ ਇਕ ਮਹਿਲਾ ਸੈਲਾਨੀ ਦੀ ਸੂਬੇ ਦੇ ਕੁੱਲੂ ਜ਼ਿਲ੍ਹੇ ਦੇ ਮਣੀਕਰਨ ਵਿਚ ਤਸਵੀਰਾਂ ਖਿੱਚਣ ਦੌਰਾਨ ਫਿਸਲਣ ਅਤੇ ਪਾਰਵਤੀ ਨਦੀ ਵਿਚ ਡਿੱਗਣ ਕਾਰਨ ਡੁੱਬਣ ਕਾਰਨ ਮੌਤ ਹੋ ਗਈ।
ਚਸ਼ਮਦੀਦਾਂ ਨੇ ਦਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 6.30 ਵਜੇ ਉਸ ਸਮੇਂ ਵਾਪਰੀ ਜਦੋਂ ਹਰਿਆਣਾ ਦੇ ਝੱਜਰ ਦੇ ਰਹਿਣ ਵਾਲੇ ਅਜੇ ਅਤੇ ਉਸ ਦੀ ਪਤਨੀ ਕਵਿਤਾ ਪਾਰਵਤੀ ਨਦੀ ਦੇ ਕੰਢੇ ਫੋਟੋ ਖਿਚਵਾ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਔਰਤ ਦੀ ਲਾਸ਼ ਵੀਰਵਾਰ ਨੂੰ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਕਵਿਤਾ ਤਿਲਕਣ ਵਾਲੇ ਪੱਥਰਾਂ ਤੋਂ ਫਿਸਲ ਗਈ ਅਤੇ ਪਾਰਵਤੀ ਨਦੀ ਦੇ ਤੇਜ਼ ਵਹਾਅ ਨਾਲ ਰੁੜ੍ਹ ਗਈ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਵਿਤਾ (31) ਦੀ ਲਾਸ਼ ਘਟਨਾ ਵਾਲੀ ਥਾਂ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਸੁਮਾ ਰੋਪਾ ਨੇੜੇ ਇਕ ਬਚਾਅ ਮੁਹਿੰਮ ਦੌਰਾਨ ਬਰਾਮਦ ਕੀਤੀ ਗਈ। ਉਸ ਨੇ ਦਸਿਆ ਕਿ ਪਤੀ ਨੇ ਲਾਸ਼ ਦੀ ਪਛਾਣ ਕਰ ਲਈ ਹੈ।
(For more Punjabi news apart from Two women lost their lives while taking selfies, stay tuned to Rozana Spokesman)