ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਅਹਿਮ ਮੁੱਦੇ ਲੋਕ ਸਭਾ 'ਚ ਉਠਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਜ ਪਾਰਲੀਮੈਂਟ ਸ਼ੈਸਨ ਦੌਰਾਨ ਕਾਨੂੰਨ 377 ਤਹਿਤ ਪੰਜਾਬ ਅਤੇ .....

Prem Singh Chandumajra

ਨਵੀਂ ਦਿੱਲੀ: ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਜ ਪਾਰਲੀਮੈਂਟ ਸ਼ੈਸਨ ਦੌਰਾਨ ਕਾਨੂੰਨ 377 ਤਹਿਤ ਪੰਜਾਬ ਅਤੇ ਅਪਣੇ ਹਲਕੇ ਦੇ ਅਹਿਮ ਮੁੱਦੇ ਹਾਊਸ ਵਿਚ ਰੱਖੇ।ਉਨ੍ਹਾਂ ਕੰਢੀ ਖੇਤਰਾ ਨੂੰ ਪਹਾੜੀ ਖੇਤਰ ਵਾਲੀ ਤਰਜ਼ ਦੀਆਂ ਬਰਾਬਰ ਦੀਆਂ ਸਹੂਲਤਾ ਦੇਣ ਦੀ ਗੱਲ ਕਰਦੇ ਹੋਏ ਕਿਹਾ ਕਿ ਕੰਢੀ ਖੇਤਰ ਦੇ ਲੋਕਾਂ ਨੂੰ ਵੀ ਉਹੀ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ ਜੋ ਪਹਾੜੀ ਖੇਤਰ ਦੇ ਲੋਕ ਝਲਦੇ ਹਨ, ਭਾਂਵੇ ਕਿ ਉਹ ਪਾਣੀ ਦੀ ਕਮੀ ਹੋਵੇ ਜਾ ਮਿੱਟੀ ਦਾ ਖੁਰਨਾ ਜਾਂ ਘੱਟ ਉਦਯੋਗ ਆਦਿ।

ਉਨ੍ਹਾਂ ਕਿਹਾ ਸਰਕਾਰ ਵਲੋਂ ਪਹਾੜੀ ਸੂਬਿਆਂ ਨੂੰ ਵਿਸ਼ੇਸ ਸਹੂਲਤਾਂ ਦੇਣ ਕਰਕੇ, ਕੰਢੀ ਖੇਤਰ ਵਾਲੇ ਉਦਯੋਗ ਵੀ ਗੁਆਂਢੀ ਸੂਬਾ ਹੋਣ ਕਰ ਕੇ ਉਸ ਪਾਸੇ ਚਲੇ ਜਾਂਦੇ ਹਨ, ਜਿਸ ਨਾਲ ਕੰਢੀ ਖੇਤਰ ਦੇ ਰੋਜ਼ਗਾਰ ਤੇ ਵੀ ਸੱਟ ਵੱਜੀ ਹੈ। ਪ੍ਰੋ. ਚੰਦੂਮਾਜਰਾ ਨੇ ਲਿਫ਼ਟ ਈਰੀਗੇਸ਼ਨ ਸਿਸਟਮ ਰਾਹੀ ਕੰਢੀ ਖੇਤਰ ਵਿੱਚ ਪਾਣੀ ਪਹੁੰਚਾਣ ਲਈ ਦਿੱਤੀ ਸਹੂਲਤ ਲਈ ਪੈਸੇ ਦੇਣ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸਹੂਲਤ ਨੂੰ ਚੰਗੀ ਤਰ੍ਹਾਂ ਨਪੇਰੇ ਚਾੜ੍ਹਨ ਲਈ ਹੋਰ ਪੈਸੇ ਦੀ ਵੀ ਮੱਦਦ ਕੀਤੀ ਜਾਵੇ।

ਉਨ੍ਹਾਂ ਨੇ ਪੰਜਾਬ ਲਈ ਵਿਸ਼ੇਸ ਪੈਕਜ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਬਹੁਤ ਸਾਰੇ ਖੇਤਰ ਸਰਹੱਦ ਦੇ ਨੇੜੇ ਹਨ ਤੇ ਉੱਥੇ ਡਾਕਟਰਾਂ, ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਅਤੇ ਮਿਲਟਰੀ ਦੇ ਵਾਹਨਾਂ ਦੀ ਆਵਾਜਾਈ ਜਿਆਦਾ ਹੋਣ ਕਰਕੇ ਸੜ੍ਹਕਾਂ ਜਲਦੀ ਟੁੱਟ ਜਾਂਦੀਆਂ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਹਾੜੀ ਖੇਤਰਾਂ ਦੇ ਨਾਲ-ਨਾਲ ਮੈਦਾਨੀ ਖੇਤਰਾਂ ਵਿਚ ਵੀ ਜੰਗਲੀ

ਜਾਨਵਰਾਂ ਦੀ ਆਮਦ ਵਧਣ ਨਾਲ ਫ਼ਸਲਾਂ ਦਾ ਨੁਕਸਾਨ ਅਤੇ ਸੜਕਾਂ ਉੱਪਰ ਜਾਨੀ ਮਾਲੀ ਨੁਕਸਾਨ ਦੀਆਂ ਘਟਨਾਵਾਂ ਵੀ ਵੱਧ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਜਾਲੀਦਾਰ ਤਾਰ ਮੁਹੱਈਆ ਕਰਵਾਉਣ ਦੀ ਨੀਤੀ ਤਿਆਰ ਕਰੇ, ਜਿਸ ਵਿੱਚ ਸਬਸਿਡੀ 'ਚ ਕੇਂਦਰ, ਸੂਬਾ ਤੇ ਕਿਸਾਨ 33-33 ਫ਼ੀ ਸਦੀ ਹਿੱਸਾ ਪਾਉਣ।