ਅਦਾਲਤ ਨੇ ਰਾਜਸਥਾਨ ਵਿਧਾਨ ਸਭਾ ਸਪੀਕਰ ਨੂੰ ਪਟੀਸ਼ਨ ਵਾਪਸ ਲੈਣ ਦੀ ਦਿਤੀ ਪ੍ਰਵਾਨਗੀ
ਸੁਪਰੀਮ ਕੋਰਟ ਨੇ ਰਾਜਸਥਾਨ ਵਿਧਾਨ ਸਭਾ ਸਪੀਕਰ ਨੂੰ ਹਾਈ ਕੋਰਟ ਦੇ ਉਸ ਹੁਕਮ ਵਿਰੁਧ ਦਾਖ਼ਲ ਪਟੀਸ਼ਨ ਵਾਪਸ ਲੈਣ ਦੀ
ਨਵੀਂ ਦਿੱਲੀ, 27 ਜੁਲਾਈ : ਸੁਪਰੀਮ ਕੋਰਟ ਨੇ ਰਾਜਸਥਾਨ ਵਿਧਾਨ ਸਭਾ ਸਪੀਕਰ ਨੂੰ ਹਾਈ ਕੋਰਟ ਦੇ ਉਸ ਹੁਕਮ ਵਿਰੁਧ ਦਾਖ਼ਲ ਪਟੀਸ਼ਨ ਵਾਪਸ ਲੈਣ ਦੀ ਸੋਮਵਾਰ ਨੂੰ ਆਗਿਆ ਦੇ ਦਿਤੀ ਜਿਸ ਵਿਚ ਉਪ ਮੁੱਖ ਮੰਤਰੀ ਅਹੁਦੇ ਤੋਂ ਬਰਖ਼ਾਸਤ ਕੀਤੇ ਜਾ ਚੁਕੇ ਸਚਿਨ ਪਾਇਲਟ ਅਤੇ ਕਾਂਗਰਸ ਦੇ 18 ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਦੀ ਕਾਰਵਾਈ 24 ਜੁਲਾਈ ਤਕ ਰੋਕਣ ਲਈ ਕਿਹਾ ਗਿਆ ਸੀ। ਵਿਧਾਨ ਸਭਾ ਸਪੀਕਰ ਸੀ ਪੀ ਜੋਸ਼ੀ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਜੱਜ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੂੰ ਦਸਿਆ ਕਿ ਰਾਜਸਥਾਨ ਹਾਈ ਕੋਰਟ ਨੇ 24 ਜੁਲਾਈ ਨੂੰ ਨਵਾਂ ਹੁਕਮ ਦਿਤਾ ਅਤੇ ਉਹ ਕਾਨੂੰਨੀ ਬਦਲਾਂ ’ਤੇ ਵਿਚਾਰ ਕਰ ਰਹੇ ਹਨ।
ਸਿੱਬਲ ਨੇ ਪਟੀਸ਼ਨ ਵਾਪਸ ਲੈਦਿਆਂ ਬੈਂਚ ਨੂੰ ਕਿਹਾ ਕਿ ਸਪੀਕਰ ਨੂੰ ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਦੀ ਕਾਰਵਾਈ ਰੋਕਣ ਲਈ ਕਹਿਣ ਸਬੰਧੀ ਹਾਈ ਕੋਰਟ ਦੇ 21 ਜੁਲਾਈ ਵਾਲੇ ਹੁਕਮ ’ਤੇ ਸਿਖਰਲੀ ਅਦਾਲਤ ਨੇ ਰੋਕ ਨਹੀਂ ਲਾਈ ਜਿਸ ਕਾਰਨ ਇਸ ਪਟੀਸ਼ਨ ਦਾ ਹੁਣ ਕੋਈ ਆਧਾਰ ਨਹੀਂ। ਜੋਸ਼ੀ ਦੀ ਪ੍ਰਤੀਨਿਧਤਾ ਕਰ ਰਹੇ ਇਕ ਹੋਰ ਵਕੀਲ ਸੁਨੀਲ ਫ਼ਰਨਾਂਡੇਜ਼ ਨੇ ਕਿਹਾ, ‘ਨਵੇਂ ਵਿਸ਼ੇਸ਼ ਆਗਿਆ ਪਟੀਸ਼ਨ ਦਾਖ਼ਲ ਕਰਨ ਦੀ ਆਜ਼ਾਦੀ ਅਤੇ ਸਾਰੇ ਬਦਲਾਂ ਨੂੰ ਖੁਲ੍ਹਾ ਰਖਦਿਆਂ ਪਟੀਸ਼ਨ ਵਾਪਸ ਲਈ ਗਈ ਹੈ। ਰਾਜਸਥਾਨ ਹਾਈ ਕੋਰਟ ਨੇ ਬੀਤੀ 24 ਜੁਲਾਈ ਨੂੰ ਸਚਿਨ ਪਾਇਲਟ ਸਣੇ 19 ਬਾਗ਼ੀ ਵਿਧਾਇਕਾਂ ਨੂੰ ਵਿਧਾਨ ਸਭਾ ਸਪੀਕਰ ਦੁਆਰਾ ਭੇਜੇ ਗਏ ਅਯੋਗਤਾ ਦੇ ਨੋਟਿਸਾਂ ’ਤੇ ਜਿਉਂ ਦੀ ਤਿਉਂ ਸਥਿਤੀ ਕਾਇਮ ਰੱਖਣ ਦਾ ਸ਼ੁਕਰਵਾਰ ਨੂੰ ਹੁਕਮ ਦਿਤਾ ਸੀ। (ਏਜੰਸੀ)