ਪਿਛਲੇ ਛੇ ਹਫ਼ਤੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦੁਗਣੀ ਹੋਈ : ਵਿਸ਼ਵ ਸਿਹਤ ਸੰਗਠਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

6,40,000 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ

covid 19

ਜਿਨੇਵਾ, 27 ਜੁਲਾਈ : ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁਖ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਲਗਾਤਾਰ ਵਧ ਰਹੀ ਹੈ ਅਤੇ ਪਿਛਲੇ ਛੇ ਹਫ਼ਤੇ ਵਿਚ ਪੀੜਤਾਂ ਦੀ ਗਿਣਤੀ ਦੁਗਣੀ ਹੋਈ ਹੈ। ਡਬਲਿਊ.ਐਚ.ਓ ਦੇ ਮਹਾਂਨਿਰਦੇਸ਼ਕ ਟੇਡਰੋਸ ਅਦਨੋਮ ਘੇਬ੍ਰੇਯਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਵਲੋਂ ਦੁਨੀਆਂ ਵਿਚ ਕੋਵਿਡ-19 ਦੇ 1.6 ਕਰੋੜ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ 6,40,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਟੇਡਰੋਸ ਵੀਰਵਾਰ ਨੂੰ ਸਿਹਤ ਸੰਗਠਨ ਦੀ ਐਮਰਜੈਂਸੀ ਕਮੇਟੀ ਦੀ ਬੈਠਕ ਬੁਲਾਉਣਗੇ। ਜਨਵਰੀ ਵਿਚ ਕੋਰੋਨਾ ਲਾਗ ਨੂੰ ਅਲਾਮੀ ਚਿੰਤਾ ਵਾਲੀ ਜਨਤਕ ਐਮਰਜੈਂਸੀ ਐਲਾਨ ਕਰਨ ਦੇ ਛੇ ਮਹੀਨੇ ਬਾਅਦ ਬੈਠਕ ਬੁਲਾਉਣ ਦੀ ਜ਼ਰੂਰਤ ਹੈ। ਕਮੇਟੀ ਇਸ ਮਹਾਂਮਾਰੀ ’ਤੇ ਉਨ੍ਹਾਂ ਨੂੰ ਸਲਾਹ ਦੇਵੇਗੀ।

ਉਨ੍ਹਾਂ ਸੋਮਵਾਰ ਨੂੰ ਜਿਨੇਵਾ ਵਿਚ ਸੰਗਠਨ ਦੇ ਮੁੱਖ ਦਫ਼ਤਰ ਵਿਚ ਪੱਤਰਕਾਰ ਵਾਰਤਾ ਵਿਚ ਕਿਹਾ,‘‘ਕੋਵਿਡ-19 ਨੇ ਦੁਨੀਆਂ ਨੂੰ ਬਦਲ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ,‘‘ਇਸ ਨੇ ਲੋਕਾਂ, ਭਾਈਚਾਰਿਆਂ ਅਤੇ ਦੇਸ਼ਾਂ ਨੂੰ ਨਾਲ ਲਿਆਂਦਾ ਹੈ ਅਤੇ ਉਨ੍ਹਾਂ ਨੂੰ ਅਲਗ ਵੀ ਕੀਤਾ ਹੈ।’’ ਉਨ੍ਹਾਂ ਰੇਖਾਬਧ ਕੀਤਾ ਕਿ ਕੁਝ ਦੇਸ਼ਾਂ ਵਿਚ ਸਿਆਸੀ ਅਗਵਾਈ, ਸਿਖਿਆ, ਉੱਚ ਜਾਂਚ ਦਰ, ਸਵੱਛਤਾ ਅਤੇ ਸਮਾਜਕ ਦੂਰੀ ਵਰਗੇ ਕਾਰਕ ਪ੍ਰਭਾਵੀ ਸਾਬਤ ਹੋਏ ਹਨ। 
  ਟੇਡਰੋਸ ਨੇ ਕਿਹਾ,‘‘ਅਸੀਂ ਮਹਾਂਮਾਰੀ ਦੇ ਬੰਧਕ ਨਹੀਂ ਹਾਂ ਅਤੇ ਸਾਡੇ ਵਿਚੋਂ ਹਰ ਇਕ ਵਿਅਕਤੀ ਬਦਲਾਅ ਲਿਆ ਸਕਦਾ ਹੈ।’’