ਇੰਦੌਰ ਦੇ ਰੇਲਵੇ ਸਟੇਸ਼ਨ ਤੋਂ 50 ਲੱਖ ਦੀ ਕੀਮਤ ਵਾਲੇ ਵਾਲ ਹੋਏ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀੜਤ ਲੋਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਲੱਖਾਂ ਰੁਪਏ ਦੇ ਪਾਰਸਲ ਨਾ ਮਿਲੇ ਤਾਂ ਉਹ ਰੇਲਵੇ ਸਟੇਸ਼ਨ ‘ਤੇ  ਆਪਣੀ ਜਾਨ ਦੇ ਦੇਣਗੇ

Indore Junction

ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਰੇਲਵੇ ਸਟੇਸ਼ਨ ਦੇ ਪਾਰਸਲ ਦਫਤਰ 'ਤੇ ਅਚਾਨਕ ਕੁਝ ਲੋਕਾਂ ਨੇ ਹੰਗਾਮਾ ਸ਼ੁਰੂ  ਕਰ ਦਿੱਤਾ। ਉਨ੍ਹਾਂ ਦਾ ਆਰੋਪ ਹੈ ਕਿ ਉਨ੍ਹਾਂ ਦੇ 50 ਲੱਖ ਰੁਪਏ ਦੀ ਕੀਮਤ ਵਾਲੇ 19 ਨਗ ਵਾਲਾਂ ਦੇ ਪਾਰਸਲ ਚੋਰੀ  ਹੋ ਗਏ ਹਨ। ਪੀੜਤ ਰਾਕੇਸ਼ ਸਿਵਲਕਰ ਨੇ ਦੱਸਿਆ ਕਿ 6 ਜੁਲਾਈ 2021 ਨੂੰ ਉਸਨੇ ਇੰਦੌਰ ਤੋਂ ਕੋਲਕਾਤਾ ਹਾਵੜਾ ਲਈ ਵਾਲਾਂ ਨਾਲ ਭਰੇ ਪਾਰਸਲ ਲੋਡ ਕੀਤੇ ਸਨ, ਜਦੋਂ ਕਿ ਹਾਵੜਾ ਸਟੇਸ਼ਨ 'ਤੇ ਸਿਰਫ ਤਿੰਨ ਪਾਰਸਲ ਮਿਲੇ।

ਪੀੜਤ ਲੋਕਾਂ ਨੇ ਰੇਲਵੇ ਵਿਭਾਗ ਦੇ ਸਬੰਧਤ ਲੋਕਾਂ 'ਤੇ ਵੱਡੀ ਚੋਰੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ 22 ਨੰਬਰ ਪਾਰਸਲ ਇੱਥੇ ਤੋਂ ਲੋਡ ਕੀਤੇ ਸਨ ਅਤੇ ਸਿਰਫ 3 ਨਗ ਹੀ ਪਹੁੰਚੇ। ਆਰੋਪ ਹੈ ਕਿ ਬਾਕੀ 19 ਪਾਰਸਲਾਂ ਵਿਚ ਸਬੰਧਤ ਰੇਲਵੇ ਅਧਿਕਾਰੀਆਂ ਨੇ ਵੱਡਾ ਘੁਟਾਲਾ ਕੀਤਾ ਹੈ।  

ਟ੍ਰੇਨ ਵਿਚ ਪੀੜਤ ਲੋਕਾਂ ਦੁਆਰਾ ਲੋਡ ਕੀਤੇ ਗਏ ਪਾਰਸਲ ਦੀਆਂ ਰਸੀਦਾਂ ਵੀ ਹਨ। ਪੀੜਤ ਲੋਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਲੱਖਾਂ ਰੁਪਏ ਦੇ ਪਾਰਸਲ ਨਾ ਮਿਲੇ ਤਾਂ ਉਹ ਰੇਲਵੇ ਸਟੇਸ਼ਨ ‘ਤੇ  ਆਪਣੀ ਜਾਨ ਦੇ ਦੇਣਗੇ। ਮਾਮਲੇ ਵਿਚ ਰੇਲਵੇ ਦੇ ਪੀਆਰਓ ਜਤਿੰਦਰ ਜੈਅੰਤ ਨੇ ਆਰਪੀਐਫ ਦੁਆਰਾ ਜਾਂਚ ਕਰਨ ਦੀ ਗੱਲ ਕਹੀ ਹੈ।

ਇੰਦੌਰ ਤੋਂ ਹਾਵੜਾ ਲਈ ਬੁੱਕ ਕੀਤੇ 10 ਕੁਇੰਟਲ ਵਾਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਲ ਵਿੱਗ ਬਣਾਉਣ ਲਈ ਲਿਜਾਏ ਜਾ ਰਹੇ ਸਨ। ਇਕ ਕਿੱਲੋ ਵਾਲ ਦੀ ਕੀਮਤ ਕਰੀਬ 5000 ਰੁਪਏ ਹੈ ਅਤੇ ਇਸ ਦੇ ਅਨੁਸਾਰ 10 ਕੁਇੰਟਲ ਵਾਲਾਂ ਦੀ ਕੀਮਤ 50 ਲੱਖ ਹੈ। ਇੰਦੌਰ ਤੋਂ ਹਾਵੜਾ ਬੁਕ ਕਰਾ ਕੇ ਭੇਜੇ ਗਏ ਵਾਲਾਂ ਨੂੰ  ਰੇਲਗੱਡੀ ਵਿਚੋਂ ਚੋਰੀ ਕਰ ਲਿਆ ਗਿਆ।