ਉੱਤਰ ਪ੍ਰਦੇਸ਼ ਵਿਚ ਵਾਪਰੇ ਸੜਕ ਹਾਦਸੇ 'ਤੇ ਰਾਸ਼ਟਰਪਤੀ ਅਤੇ PM ਮੋਦੀ ਨੇ ਜਤਾਇਆ ਦੁੱਖ
ਮੁਆਵਜ਼ੇ ਦੀ ਕੀਤਾ ਐਲਾਨ
ਲਖਨਊ: ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿਚ ਮੰਗਲਵਾਰ ਦੇਰ ਰਾਤ ਵੱਡਾ ਹਾਦਸਾ ਵਾਪਰਿਆ। ਇੱਥੇ ਲਖਨਊ ਅਯੁੱਧਿਆ ਹਾਈਵੇਅ ’ਤੇ ਸੜਕ ਕਿਨਾਰੇ ਖੜੀ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰੀ। ਬੱਸ ਵਿਚ ਸਵਾਰ ਅਤੇ ਉਸ ਦੇ ਹੇਠਾਂ ਸੌਂ ਰਹੇ ਯਾਤਰੀ ਹਾਦਸੇ ਦੀ ਚਪੇਟ ਵਿਚ ਆ ਗਏ। ਇਸ ਭਿਆਨਕ ਹਾਦਸੇ ਵਿਚ 18 ਲੋਕਾਂ ਦੀ ਮੌਤ ਹੋ ਗਈ।
ਪੀਐਮ ਮੋਦੀ ਨੇ ਮੁਆਵਜ਼ੇ ਦਾ ਕੀਤਾ ਐਲਾਨ
ਪੀਐਮ ਮੋਦੀ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪੀਐਮ ਮੋਦੀ ਨੇ ਇਸ ਹਾਦਸੇ ਬਾਰੇ ਸੀਐਮ ਯੋਗੀ ਨਾਲ ਗੱਲਬਾਤ ਕੀਤੀ ਹੈ ਅਤੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ ਹੈ। ਸੀਐਮ ਯੋਗੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਬਾਰਾਬੰਕੀ ਦੇ ਡੀਐਮ ਅਤੇ ਐਸਪੀ ਨੂੰ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੇ ਬਿਹਤਰ ਇਲਾਜ ਅਤੇ ਉਨ੍ਹਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਰਾਸ਼ਟਰਪਤੀ ਨੇ ਵੀ ਕੀਤਾ ਦੁੱਖ ਦਾ ਪ੍ਰਗਟਾਵਾ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਖ਼ਬਰ ਤੋਂ ਬਹੁਤ ਦੁਖੀ ਹਨ। ਇਸ ਦੁੱਖ ਦੀ ਘੜੀ ਵਿੱਚ, ਮੈਂ ਦੁਖੀ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
ਦੱਸ ਦੇਈਏ ਕਿ ਇਹ ਹਾਦਸਾ ਬਾਰਾਬੰਕੀ ਦੇ ਰਾਮਸਨੇਹੀਘਾਟ ਥਾਣਾ ਖੇਤਰ ਵਿਚ ਵਾਪਰਿਆ। ਦਰਅਸਲ ਰਾਸਤੇ ਵਿਚ ਇਕ ਬੱਸ ਖ਼ਰਾਬ ਮਿਲੀ ਸੀ, ਉਸ ਦੇ ਯਾਤਰੀ ਵੀ ਇਸ ਬੱਸ ਵਿਚ ਆ ਗਏ। ਇਸ ਬੱਸ ਵਿਚ 150 ਯਾਤਰੀ ਸਵਾਰ ਸਨ। ਰਾਸਤੇ ਵਿਚ ਇਹ ਬੱਸ ਵੀ ਖਰਾਬ ਹੋ ਗਈ ਤੇ ਡਰਾਇਵਰ ਨੇ ਇਸ ਨੂੰ ਲਖਨਊ ਅਯੁੱਧਿਆ ਹਾਈਵੇਅ ’ਤੇ ਕਲਿਆਣੀ ਨਦੀ ਦੇ ਪੁਲ ਉੱਤੇ ਖੜਾ ਕੀਤਾ।
ਮ੍ਰਿਤਕਾਂ ਵਿਚ ਇਕ ਮਹਿਲਾ ਅਤੇ ਬਾਕੀ ਪੁਰਸ਼ ਹਨ। ਹਾਦਸੇ ਵਿਚ 23 ਲੋਕ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਟਰੌਮਾ ਸੈਂਟਰ ਲਖਨਊ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਡਬਲ ਡੈਕਰ ਬੱਸ ਹਰਿਆਣਾ ਤੋਂ ਬਿਹਾਰ ਜਾ ਰਹੀ ਸੀ।