ਅਰਪਿਤਾ ਮੁਖਰਜੀ ਦੇ ਦੂਜੇ ਘਰ 'ਚੋਂ 28 ਕਰੋੜ ਦੀ ਨਕਦੀ ਸਮੇਤ 5 ਕਿਲੋ ਸੋਨਾ ਬਰਾਮਦ
2000 ਦੇ ਨੋਟਾਂ ਦੇ 50 ਲੱਖ ਰੁਪਏ ਦੇ ਬੰਡਲ ਅਤੇ 500 ਰੁਪਏ ਦੇ ਨੋਟਾਂ ਤੋਂ 20 ਲੱਖ ਰੁਪਏ ਦੇ ਬੰਡਲ ਮਿਲੇ ਹਨ।
ਮੁੰਬਈ - ਪੱਛਮੀ ਬੰਗਾਲ ਦੇ ਮੰਤਰੀ ਪਾਰਥ ਦੀ ਕਰੀਬੀ ਅਰਪਿਤਾ ਮੁਖਰਜੀ ਦੇ ਦੂਜੇ ਘਰ ਤੋਂ 27.9 ਕਰੋੜ ਰੁਪਏ ਦੀ ਨਕਦੀ ਮਿਲੀ ਹੈ। ਇਸ ਦੇ ਨਾਲ ਹੀ 5 ਕਿਲੋ ਸੋਨਾ ਵੀ ਜ਼ਬਤ ਕੀਤਾ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਸ਼ਾਮ ਨੂੰ ਬੇਲਘਾਰੀਆ ਸਥਿਤ ਉਸ ਦੇ ਦੂਜੇ ਫਲੈਟ 'ਤੇ ਛਾਪੇਮਾਰੀ ਕੀਤੀ, ਜੋ ਵੀਰਵਾਰ ਤੜਕੇ ਤੱਕ ਚੱਲੀ। ਨਕਦੀ ਬਾਰੇ ਪੁੱਛੇ ਜਾਣ 'ਤੇ ਅਰਪਿਤਾ ਨੇ ਕਿਹਾ ਕਿ ਇਹ ਸਾਰੇ ਪੈਸੇ ਪਾਰਥ ਚੈਟਰਜੀ ਦੇ ਹਨ। ਉਸ ਨੇ ਕਿਹਾ, 'ਪਾਰਥ ਪੈਸੇ ਰੱਖਣ ਲਈ ਇਸ ਘਰ ਦੀ ਵਰਤੋਂ ਕਰਦਾ ਸੀ। ਮੈਨੂੰ ਨਹੀਂ ਸੀ ਪਤਾ ਕਿ ਘਰ ਵਿਚ ਇੰਨੀ ਨਕਦੀ ਰੱਖੀ ਹੋਵੇਗੀ।
ਈਡੀ ਅਧਿਕਾਰੀਆਂ ਨੇ ਕਿਹਾ, ''ਅਰਪਿਤਾ ਨੇ ਪਹਿਲਾਂ ਕਦੇ ਨਹੀਂ ਦੱਸਿਆ ਸੀ ਕਿ ਉਸ ਦੇ ਦੂਜੇ ਫਲੈਟ 'ਤੇ ਵੀ ਨਕਦੀ ਰੱਖੀ ਗਈ ਸੀ ਪਰ ਜਦੋਂ ਅਸੀਂ ਘਰ 'ਤੇ ਛਾਪਾ ਮਾਰਿਆ ਤਾਂ ਸਾਨੂੰ 2000 ਅਤੇ 500 ਰੁਪਏ ਦੇ ਨੋਟਾਂ ਦੇ ਬੰਡਲ ਮਿਲੇ। 2000 ਦੇ ਨੋਟਾਂ ਦੇ 50 ਲੱਖ ਰੁਪਏ ਦੇ ਬੰਡਲ ਅਤੇ 500 ਰੁਪਏ ਦੇ ਨੋਟਾਂ ਤੋਂ 20 ਲੱਖ ਰੁਪਏ ਦੇ ਬੰਡਲ ਮਿਲੇ ਹਨ। ਸਾਨੂੰ 4.31 ਕਰੋੜ ਰੁਪਏ ਦਾ ਸੋਨਾ ਵੀ ਮਿਲਿਆ ਹੈ। ਇਸ ਵਿਚ 1 ਕਿਲੋ ਦੀਆਂ 3 ਸੋਨੇ ਦੀਆਂ ਇੱਟਾਂ, 6 ਬਰੇਸਲੇਟ (ਸਾਰੇ 500-500 ਗ੍ਰਾਮ) ਅਤੇ ਇੱਕ ਸੋਨੇ ਦਾ ਪੈੱਨ ਮਿਲਿਆ ਹੈ।
ਈਡੀ ਸੂਤਰਾਂ ਮੁਤਾਬਕ 18 ਘੰਟੇ ਤੱਕ ਚੱਲੀ ਛਾਪੇਮਾਰੀ ਵਿਚ ਅਰਪਿਤਾ ਦੇ ਫਲੈਟ ਤੋਂ 3 ਡਾਇਰੀਆਂ ਵੀ ਮਿਲੀਆਂ ਹਨ, ਜਿਸ ਵਿਚ ਕੋਡਵਰਡ ਵਿਚ ਲੈਣ-ਦੇਣ ਦਾ ਰਿਕਾਰਡ ਦਰਜ ਹੈ। ਜਾਂਚ ਏਜੰਸੀ ਨੇ ਘਰ ਤੋਂ 2,600 ਪੰਨਿਆਂ ਦਾ ਇੱਕ ਦਸਤਾਵੇਜ਼ ਵੀ ਬਰਾਮਦ ਕੀਤਾ ਹੈ, ਜਿਸ ਵਿਚ ਪਾਰਥ ਅਤੇ ਅਰਪਿਤਾ ਦੀ ਸਾਂਝੀ ਜਾਇਦਾਦ ਦਾ ਜ਼ਿਕਰ ਹੈ। ਈਡੀ ਨੇ ਬੁੱਧਵਾਰ ਨੂੰ ਹੀ ਪਾਰਥ ਅਤੇ ਅਰਪਿਤਾ ਦੇ ਕਰੀਬੀ ਦੋਸਤਾਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ। ਇਸ ਤੋਂ ਇਲਾਵਾ ਈਡੀ ਦੀਆਂ ਟੀਮਾਂ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੇਲਘੜੀਆ ਅਤੇ ਰਾਜਦੰਗਾ ਵਿਚ ਵੀ ਜਾਂਚ ਲਈ ਪਹੁੰਚੀਆਂ ਸਨ। ਅਰਪਿਤਾ ਦਾ ਘਰ ਜਿੱਥੋਂ ਨਕਦੀ ਮਿਲੀ ਹੈ, ਉਹ ਬੇਲਘਾਰੀਆ ਵਿਚ ਹੈ।
5 kg gold along with cash worth 28 crores recovered from Arpita Mukherjee's second house
ਹੁਣ ਤੱਕ ਅਰਪਿਤਾ ਦੇ ਦੋਵਾਂ ਘਰਾਂ 'ਤੇ 44 ਘੰਟਿਆਂ ਤੱਕ ਛਾਪੇਮਾਰੀ ਕੀਤੀ ਜਾ ਚੁੱਕੀ ਹੈ, ਜਿਸ 'ਚ ਕਰੀਬ 50 ਕਰੋੜ ਦੀ ਨਕਦੀ ਅਤੇ ਵੱਡੀ ਮਾਤਰਾ 'ਚ ਸੋਨਾ ਬਰਾਮਦ ਹੋਇਆ ਹੈ। ਈਡੀ ਨੇ ਅਰਪਿਤਾ ਦੇ ਬੇਲਘਰੀਆ ਟਾਊਨ ਕਲੱਬ ਦੇ ਦੋ ਫਲੈਟਾਂ ਵਿਚੋਂ ਇੱਕ ਨੂੰ ਸੀਲ ਕਰ ਦਿੱਤਾ ਹੈ। ਫਲੈਟ ਦੇ ਅੱਗੇ ਸੁਸਾਇਟੀ ਦਾ ਨੋਟਿਸ ਵੀ ਚਿਪਕਾਇਆ ਹੋਇਆ ਹੈ। ਇਸ ਵਿਚ ਲਿਖਿਆ ਹੈ ਕਿ ਅਰਪਿਤਾ ਨੇ ਮੇਨਟੇਨੈਂਸ ਲਈ 11,819 ਰੁਪਏ ਨਹੀਂ ਦਿੱਤੇ ਹਨ।