ਅਧੀਰ ਰੰਜਨ ਚੌਧਰੀ ਨੇ ਦ੍ਰੋਪਦੀ ਮੁਰਮੂ ਨੂੰ ਕਿਹਾ ‘ਰਾਸ਼ਟਰਪਤਨੀ’, ਸੰਸਦ ਵਿਚ ਭਾਰੀ ਹੰਗਾਮਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦਾ- ਅਧੀਰ ਰੰਜਨ

Adhir Ranjan


ਨਵੀਂ ਦਿੱਲੀ:  ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ‘ਰਾਸ਼ਟਰਪਤਨੀ’ ਕਿਹਾ ਹੈ। ਇਸ ਤੋਂ ਬਾਅਦ ਮਹਿਲਾ ਭਾਜਪਾ ਸੰਸਦ ਮੈਂਬਰਾਂ ਨੇ ਇਸ ਬਿਆਨ ਨੂੰ ਲੈ ਕੇ ਸਦਨ 'ਚ ਹੰਗਾਮਾ ਕੀਤਾ। ਉਹਨਾਂ ਨੇ ਹੱਥਾਂ ਵਿਚ ਸੋਨੀਆ ਗਾਂਧੀ ਦਾ ਪੋਸਟਰ ਲੈ ਕੇ ਨਾਅਰੇਬਾਜ਼ੀ ਕੀਤੀ। ਸਮ੍ਰਿਤੀ ਇਰਾਨੀ ਨੇ ਕਿਹਾ ਕਿ ਸੋਨੀਆ ਗਾਂਧੀ ਨੂੰ ਮੁਆਫੀ ਮੰਗਣੀ ਪਵੇਗੀ। ਲੋਕ ਸਭਾ ਅਤੇ ਰਾਜ ਸਭਾ ਵਿਚ ਹੰਗਾਮੇ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਸੰਸਦ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਿਚਾਲੇ ਬਹਿਸ ਹੋ ਗਈ।

Adhir Ranjan Chowdhury

ਜਦੋਂ ਸੋਨੀਆ ਗਾਂਧੀ ਤੋਂ ਸੰਸਦ ਮੈਂਬਰ ਰਮਾ ਦੇਵੀ ਨੇ ਅਧੀਰ ਰੰਜਨ ਦੇ ਬਿਆਨ ਬਾਰੇ ਪੁੱਛਿਆ ਤਾਂ ਸੋਨੀਆ ਗਾਂਧੀ ਨੇ ਕਿਹਾ- ਅਧੀਰ ਰੰਜਨ ਨੇ ਮੁਆਫੀ ਮੰਗ ਲਈ ਹੈ। ਉਹਨਾਂ ਨੇ ਸਵਾਲ ਕੀਤਾ- ਇਸ ਮਾਮਲੇ 'ਚ ਮੇਰਾ ਨਾਂ ਕਿਉਂ ਲਿਆ ਗਿਆ? ਇਸ 'ਤੇ ਉਥੇ ਮੌਜੂਦ ਸਮ੍ਰਿਤੀ ਇਰਾਨੀ ਨੇ ਕਿਹਾ- ਮੈਂ ਮੈਡਮ ਤੁਹਾਡੀ ਮਦਦ ਕਰ ਸਕਦੀ ਹਾਂ, ਤਾਂ ਸੋਨੀਆ ਨੇ ਪਿੱਛੇ ਮੁੜ ਕੇ ਕਿਹਾ- ਮੇਰੇ ਨਾਲ ਗੱਲ ਨਾ ਕਰੋ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੋਸ਼ ਲਾਇਆ ਕਿ ਸੋਨੀਆ ਨੇ ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਨੂੰ ਧਮਕੀ ਦਿੱਤੀ ਹੈ।

Sonia Gandhi

ਰਾਸ਼ਟਰਪਤੀ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦਾ- ਅਧੀਰ ਰੰਜਨ

ਇਸ ਵਿਚਾਲੇ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਮੈਂ ਰਾਸ਼ਟਰਪਤੀ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਇਹ ਸਿਰਫ਼ ਇਕ ਗ਼ਲਤੀ ਸੀ। ਜੇਕਰ ਰਾਸ਼ਟਰਪਤੀ ਨੂੰ ਬੁਰਾ ਲੱਗਿਆ ਹੈ ਤਾਂ ਮੈਂ ਨਿੱਜੀ ਤੌਰ 'ਤੇ ਉਹਨਾਂ ਨੂੰ ਮਿਲਾਂਗਾ ਅਤੇ ਮੁਆਫ਼ੀ ਮੰਗਾਂਗਾ। ਜੇ ਉਹ ਚਾਹੁਣ ਤਾਂ ਮੈਨੂੰ ਫਾਂਸੀ ਦੇ ਸਕਦੇ ਹਨ। ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ ਪਰ ਸੋਨੀਆ ਗਾਂਧੀ ਨੂੰ ਇਸ 'ਚ ਕਿਉਂ ਘਸੀਟਿਆ ਜਾ ਰਿਹਾ ਹੈ?
ਸਦਨ 'ਚ ਸਮ੍ਰਿਤੀ ਨੇ ਕਿਹਾ- ਕਾਂਗਰਸ ਗਰੀਬ ਅਤੇ ਆਦਿਵਾਸੀਆਂ ਵਿਰੋਧੀ ਹੈ। ਸੋਨੀਆ ਗਾਂਧੀ ਨੂੰ ਕਾਂਗਰਸ ਵੱਲੋਂ ਮੁਆਫੀ ਮੰਗਣੀ ਚਾਹੀਦੀ ਹੈ। ਕਾਂਗਰਸ ਨੇ ਹਰ ਭਾਰਤੀ ਨਾਗਰਿਕ ਦਾ ਅਪਮਾਨ ਕੀਤਾ ਹੈ। ਇਸ 'ਤੇ ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਅਧੀਰ ਪਹਿਲਾਂ ਹੀ ਆਪਣੀ ਗਲਤੀ ਮੰਨ ਚੁੱਕੇ ਹਨ।

Draupadi Murmu

ਦਰਅਸਲ ਜਦੋਂ ਅਧੀਰ ਰੰਜਨ ਨੂੰ ਮੀਡੀਆ ਨੇ ਪੁੱਛਿਆ ਕਿ ਤੁਸੀਂ ਰਾਸ਼ਟਰਪਤੀ ਭਵਨ ਜਾ ਰਹੇ ਹੋ ਤਾਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ। ਫਿਰ ਉਹਨਾਂ ਨੇ ਕਿਹਾ ਕਿ ਅੱਜ ਵੀ ਉਹ ਜਾਣ ਦੀ ਕੋਸ਼ਿਸ਼ ਕਰਨਗੇ। ਭਾਰਤ ਦੀ "ਰਾਸ਼ਟਰਪਤੀ" ਸਾਰਿਆਂ ਲਈ ਹੈ, ਸਾਡੇ ਲਈ ਕਿਉਂ ਨਹੀਂ? ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਧੀਰ ਰੰਜਨ ਚੌਧਰੀ ਆਪਣੀ ਟਿੱਪਣੀ ਲਈ ਪਹਿਲਾਂ ਹੀ ਮੁਆਫੀ ਮੰਗ ਚੁੱਕੇ ਹਨ। ਸਰਕਾਰ ਕੋਲ ਸੰਸਦ ਵਿਚ ਕਹਿਣ ਲਈ ਕੁਝ ਨਹੀਂ ਹੈ, ਇਸ ਲਈ ਇਸ ਬਿਆਨ ਨੂੰ ਮੁੱਦਾ ਬਣਾ ਰਹੀ ਹੈ। ਉਹਨਾਂ (ਅਧੀਰ) ਨੂੰ ਸੰਸਦ ਵਿਚ ਬੋਲਣ ਦਾ ਮੌਕਾ ਵੀ ਨਹੀਂ ਮਿਲਿਆ।