ਹੁਣ 17 ਸਾਲ ਬਾਅਦ ਹੀ ਵੋਟਰ ਸੂਚੀ ਲਈ ਕਰ ਸਕਣਗੇ ਅਪਲਾਈ, ਚੋਣ ਕਮਿਸ਼ਨ ਨੇ ਜਾਰੀ ਕੀਤੀਆਂ ਹਦਾਇਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੋਟਰ ਸੂਚੀ ਨੂੰ ਆਧਾਰ ਨਾਲ ਜੋੜਨ ਦੇ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

Election Commission of india

 

ਨਵੀਂ ਦਿੱਲੀ: ਹੁਣ ਤੁਹਾਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ 18 ਸਾਲ ਦੀ ਉਮਰ ਤੱਕ ਉਡੀਕ ਨਹੀਂ ਕਰਨੀ ਪਵੇਗੀ। ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ 17 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਇਸ ਲਈ ਪਹਿਲਾਂ ਹੀ ਅਪਲਾਈ ਕਰ ਸਕਦੇ ਹਨ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਨੇ ਸਾਰੇ ਰਾਜਾਂ ਦੇ ਸੀਈਓ/ਈ.ਆਰ.ਓਜ਼/ਏ.ਈ.ਆਰ.ਓਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਜਿਹਾ ਟੈਕਨਾਲੋਜੀ ਹੱਲ ਤਿਆਰ ਕਰਨ ਜਿਸ ਨਾਲ ਨੌਜਵਾਨਾਂ ਨੂੰ ਪਹਿਲਾਂ ਤੋਂ ਹੀ ਅਪਲਾਈ ਕਰਨ ਦੀ ਸਹੂਲਤ ਮਿਲੇ।

 

 

ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਣ ਨੌਜਵਾਨਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਸਾਲ ਦੀ ਪਹਿਲੀ ਜਨਵਰੀ ਨੂੰ 18 ਸਾਲ ਦੀ ਉਮਰ ਸੀਮਾ ਪੂਰੀ ਹੋਣ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ, ਸਗੋਂ 17 ਸਾਲ ਤੋਂ ਵੱਧ ਹੁੰਦੇ ਹੀ ਉਹ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਸਕਦੇ ਹਨ। 

ਵੋਟਰ ਸੂਚੀ ਨੂੰ ਆਧਾਰ ਨਾਲ ਜੋੜਨ ਦੇ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 1 ਅਗਸਤ ਤੋਂ 31 ਦਸੰਬਰ ਤੱਕ ਮੁਹਿੰਮ ਚਲਾ ਕੇ ਵੋਟਰ ਸੂਚੀ ਵਿੱਚ ਸ਼ਾਮਲ ਹਰੇਕ ਨਾਮ ਦਾ ਆਧਾਰ ਨੰਬਰ ਇਕੱਠਾ ਕੀਤਾ ਜਾਵੇਗਾ। ਇਸ ਨੂੰ ਆਧਾਰ ਨਾਲ ਜੋੜਿਆ ਜਾਵੇਗਾ। ਇਸ ਪ੍ਰਕਿਰਿਆ ਨੂੰ ਅਪ੍ਰੈਲ 2023 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸਾਰੇ ਵੋਟਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਦਾ ਆਧਾਰ ਨੰਬਰ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇੱਕ ਵਾਰ ਵੋਟਰਾਂ ਦੇ ਨਾਮ ਆਧਾਰ ਨੰਬਰ ਨਾਲ ਲਿੰਕ ਹੋ ਜਾਣ ਤੋਂ ਬਾਅਦ ਵੋਟਰ ਸੂਚੀ ਵਿੱਚ ਕੋਈ ਵੀ ਡੁਪਲੀਕੇਟ ਨਾਂ ਨਹੀਂ ਹੋਵੇਗਾ। ਜੇਕਰ ਕਿਸੇ ਵੋਟਰ ਕੋਲ ਆਧਾਰ ਨੰਬਰ ਨਹੀਂ ਹੈ, ਤਾਂ ਉਸ ਨੂੰ ਹਲਫ਼ਨਾਮਾ ਦੇਣਾ ਹੋਵੇਗਾ।

ਬੂਥ ਲੈਵਲ ਅਫ਼ਸਰ (BLO) ਘਰ-ਘਰ ਜਾ ਕੇ ਵੋਟਰਾਂ ਤੋਂ ਆਧਾਰ ਕਾਰਡ ਨੰਬਰ ਲੈਣਗੇ। ਉਹ ਨਵੇਂ ਫਾਰਮੈਟ ਵਿੱਚ ਆਉਣ ਵਾਲੇ ਫਾਰਮ 6-ਬੀ 'ਤੇ ਆਧਾਰ ਕਾਰਡ ਦਾ ਨੰਬਰ ਦਰਜ ਕਰੇਗਾ। ਨੰਬਰ ਲੈਣ ਦੇ ਇੱਕ ਹਫ਼ਤੇ ਦੇ ਅੰਦਰ ਆਧਾਰ ਕਾਰਡ ਨੰਬਰ ਨੂੰ ਵੋਟਰ ਦੇ ਨਾਮ ਨਾਲ ਲਿੰਕ ਕਰਨਾ ਹੋਵੇਗਾ। ਵੋਟਰ ਆਨਲਾਈਨ ਆਧਾਰ ਕਾਰਡ ਨੰਬਰ ਵੀ ਦੇ ਸਕਣਗੇ। ਇਸ ਦੇ ਲਈ ਫਾਰਮ 6-ਬੀ ਆਨਲਾਈਨ ਵੀ ਉਪਲਬਧ ਹੋਵੇਗਾ।