‘ਪਹਿਲਾਂ ਮੇਰੀ ਸਮਸਿਆ ਹੱਲ ਕਰੋ ਮੁੱਖ ਮੰਤਰੀ ਜੀ, ਫੇਰ ਘਰ ਤੋਂ ਨਿਕਲਣ ਦੇਵਾਂਗਾ’

ਏਜੰਸੀ

ਖ਼ਬਰਾਂ, ਰਾਸ਼ਟਰੀ

ਘਰ ਦੇ ਬਾਹਰ ਖੜੀਆਂ ਗੱਡੀਆਂ ਤੋਂ ਤੰਗ ਆ ਕੇ ਬਜ਼ੁਰਗ ਗੁਆਂਢੀ ਨੇ ਕਰਨਾਟਕ ਦੇ ਮੁੱਖ ਮੰਤਰੀ ਦਾ ਰਸਤਾ ਰੋਕਿਆ, ਵੀਡੀਉ ਵਾਇਰਲ

An elderly man stops Karnataka Chief Minister Siddaramaiah's car.

ਬੇਂਗਲੁਰੂ: ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੇ ਇਕ ਬਜ਼ੁਰਗ ਗੁਆਂਢੀ ਨੇ ਅਪਣੇ ਘਰ ਦੇ ਸਾਹਮਣੇ ਲਗਾਤਾਰ ਖੜੀਆਂ ਗੱਡੀਆਂ ਤੋਂ ਤੰਗ ਆ ਕੇ ਮੁੱਖ ਮੰਤਰੀ ਦੀ ਕਾਰ ਦਾ ਰਸਤਾ ਰੋਕ ਲਿਆ। ਇਸ ਦੌਰਾਨ ਗੁਆਂਢੀ ਨੇ ਸਭ ਤੋਂ ਪਹਿਲਾਂ ਉਸ ਦੀ ਪੰਜ ਸਾਲਾਂ ਤੋਂ ਚੱਲ ਰਹੀ ਸਮੱਸਿਆ ਦੇ ਹੱਲ ਦੀ ਮੰਗ ਕੀਤੀ।
ਬਜ਼ੁਰਗ ਨਾਗਰਿਕ, ਜਿਸ ਦੀ ਪਛਾਣ ਪੁਰਸ਼ੋਤਮ ਵਜੋਂ ਹੋਈ ਹੈ, ਨੇ ਅਪਣੇ ਘਰ ਦੇ ਸਾਹਮਣੇ ਖੜੀਆਂ ਗੱਡੀਆਂ ਦੀ ਲੰਮੀ ਕਤਾਰ ਤੋਂ ਪ੍ਰੇਸ਼ਾਨ ਹੋ ਕੇ ਸੜਕ ’ਤੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ।

ਵੀਰਵਾਰ ਨੂੰ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਇਆ। ਇਹ ਪਤਾ ਨਹੀਂ ਲਗ ਸਕਿਆ ਕਿ ਮੁੱਖ ਮੰਤਰੀ ਨੇ ਬਜ਼ੁਰਗ ਦੀ ਸਮੱਸਿਆ ਅਜੇ ਤਕ ਹੱਲ ਕੀਤਾ ਹੈ ਜਾਂ ਨਹੀਂ। ਘਰ ਅੱਗੇ ਗੱਡੀ ਖੜਾਉਣ ਕਰਨ ਵਾਲਿਆਂ ਨੂੰ ਝਿੜਕਦਿਆਂ ਬਜ਼ੁਰਗ ਨੇ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਪ੍ਰੇਸ਼ਾਨ ਹੈ ਪਰ ਕਿਸੇ ਨੇ ਕੁਝ ਨਹੀਂ ਕੀਤਾ। ਬਜ਼ੁਰਗ ਨੇ ਕਿਹਾ, ‘‘ਤੁਹਾਡੇ ਕੋਲ ਗੱਡੀ ਪਾਰਕ ਕਰਨ ਲਈ ਹੋਰ ਕੋਈ ਥਾਂ ਨਹੀਂ ਹੈ। ਤੁਹਾਨੂੰ ਮੇਰੇ ਘਰ ਦਾ ਮੁੱਖ ਦਰਵਾਜ਼ਾ ਹੀ ਮਿਲਦਾ ਹੈ?’’

ਮੁੱਖ ਮੰਤਰੀ ਦੀ ਸੁਰੱਖਿਆ ’ਚ ਲੱਗੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਝਿੜਕਾਂ ਮਾਰਨ ਦੌਰਾਨ ਹੀ ਮੁੱਖ ਮੰਤਰੀ ਦੀ ਕਾਰ ਵੀ ਉਨ੍ਹਾਂ ਦੇ ਘਰ ਦੇ ਮੁੱਖ ਗੇਟ ਤੋਂ ਬਾਹਰ ਆ ਗਈ। ਬਜ਼ੁਰਗ ਨੇ ਮੁੱਖ ਮੰਤਰੀ ਦੀ ਕਾਰ ਦੇ ਅੱਗੇ ਖੜਾ ਹੋ ਕੇ ਉਨ੍ਹਾਂ ਦਾ ਰਸਤਾ ਰੋਕ ਲਿਆ। ਮੁੱਖ ਮੰਤਰੀ ਨੇ ਕਾਰ ਦਾ ਸ਼ੀਸ਼ਾ ਹੇਠਾਂ ਕਰ ਕੇ ਬਜ਼ੁਰਗਾਂ ਦੀ ਸਮਸਿਆ ਸੁਣੀ।

ਪੁਰਸ਼ੋਤਮ ਨੇ ਕਿਹਾ, ‘‘ਇੱਥੇ ਕੋਈ ਟ੍ਰੈਫਿਕ ਨਿਯਮ ਨਹੀਂ ਹੈ। ਹਰ ਪਾਸੇ ਸੜਕ ਰਸਤਾ ਜਾਮ ਹੈ। ਮੈਂ ਅਪਣੇ ਘਰ ’ਚ ਵੀ ਦਾਖਲ ਨਹੀਂ ਹੋ ਸਕਦਾ। ਮੈਂ ਪਿਛਲੇ ਪੰਜ ਸਾਲਾਂ ਤੋਂ ਪ੍ਰੇਸ਼ਾਨ ਹਾਂ। ਲੋਕ ਅਪਣੀਆਂ ਗੱਡੀਆਂ ਇੱਥੇ ਕਿਤੇ ਵੀ ਖੜੀਆਂ ਕਰ ਦਿੰਦੇ ਹਨ।’’ ਅਧਿਕਾਰੀਆਂ ਨੇ ਗੁਆਂਢੀ ਨੂੰ ਜ਼ਬਰਦਸਤੀ ਹਟਾਇਆ ਜਿਸ ਤੋਂ ਬਾਅਦ ਮੁੱਖ ਮੰਤਰੀ ਦਾ ਕਾਫਲਾ ਅੱਗੇ ਵਧਿਆ।