10 ਮਈ ਨੂੰ ਪਾਕਿ DGMO ਨੇ ਭਾਰਤ DGMO ਨਾਲ ਸੰਪਰਕ ਕਰਕੇ ਫ਼ੌਜੀ ਕਾਰਵਾਈ ਰੋਕਣ ਦੀ ਕੀਤੀ ਸੀ ਅਪੀਲ:ਰਾਜਨਾਥ ਸਿੰਘ
'ਵਿਰੋਧੀਆਂ ਨੇ ਕਦੇ ਨਹੀਂ ਪੁੱਛਿਆ ਕਿ ਸਾਡੀ ਫ਼ੌਜ ਨੇ ਦੁਸ਼ਮਣਾਂ ਦੇ ਕਿੰਨੇ ਜਹਾਜ਼ ਡੇਗੇ: ਰਾਜਨਾਥ ਸਿੰਘ
ਨਵੀਂ ਦਿੱਲੀ: ਸੋਮਵਾਰ ਨੂੰ ਲੋਕ ਸਭਾ ਵਿੱਚ ਪਾਕਿਸਤਾਨ ਵਿੱਚ ਅੱਤਵਾਦੀਆਂ ਵਿਰੁੱਧ ਕੀਤੇ ਗਏ 'ਆਪ੍ਰੇਸ਼ਨ ਸਿੰਦੂਰ' ਬਾਰੇ ਇੱਕ ਵਿਸ਼ੇਸ਼ ਚਰਚਾ ਸ਼ੁਰੂ ਹੋਈ। ਇਹ ਚਰਚਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁਰੂ ਕੀਤੀ ਅਤੇ ਉਨ੍ਹਾਂ ਨੇ ਫੌਜ ਦੀ ਕਾਰਵਾਈ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਇਸ ਕਾਰਵਾਈ ਵਿੱਚ ਆਪਣੇ ਸਾਰੇ ਨਿਸ਼ਾਨਿਆਂ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਅਤੇ ਇਹ ਕਾਰਵਾਈ ਪੂਰੀ ਤਰ੍ਹਾਂ ਸਫਲ ਰਹੀ। ਰਾਜਨਾਥ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਉਨ੍ਹਾਂ ਨੇ ਸਾਨੂੰ ਕਦੇ ਨਹੀਂ ਪੁੱਛਿਆ ਕਿ ਦੁਸ਼ਮਣ ਦੇ ਕਿੰਨੇ ਜਹਾਜ਼ ਡੇਗੇ ਗਏ।"
ਆਪ੍ਰੇਸ਼ਨ ਸਿੰਦੂਰ ਦਾ ਕੀ ਸੀ ਉਦੇਸ਼ ?
ਲੋਕ ਸਭਾ ਵਿੱਚ ਆਪ੍ਰੇਸ਼ਨ ਸਿੰਦੂਰ 'ਤੇ ਚਰਚਾ ਦੌਰਾਨ, ਰਾਜਨਾਥ ਸਿੰਘ ਨੇ ਕਿਹਾ ਕਿ ਇਸ ਆਪ੍ਰੇਸ਼ਨ ਦਾ ਉਦੇਸ਼ ਸਰਹੱਦ ਪਾਰ ਕਰਨਾ ਜਾਂ ਉੱਥੋਂ ਦੇ ਇਲਾਕੇ 'ਤੇ ਕਬਜ਼ਾ ਕਰਨਾ ਨਹੀਂ ਸੀ। ਆਪ੍ਰੇਸ਼ਨ ਸਿੰਦੂਰ ਸ਼ੁਰੂ ਕਰਨ ਦਾ ਉਦੇਸ਼ ਉਨ੍ਹਾਂ ਅੱਤਵਾਦੀ ਨਰਸਰੀਆਂ ਨੂੰ ਖਤਮ ਕਰਨਾ ਸੀ ਜਿਨ੍ਹਾਂ ਨੂੰ ਪਾਕਿਸਤਾਨ ਨੇ ਸਾਲਾਂ ਤੋਂ ਪਾਲਿਆ-ਪੋਸਿਆ ਸੀ।
100 ਤੋਂ ਵੱਧ ਅੱਤਵਾਦੀ ਮਾਰੇ ਗਏ: ਰਾਜਨਾਥ ਸਿੰਘ
ਲੋਕ ਸਭਾ ਵਿੱਚ ਆਪ੍ਰੇਸ਼ਨ ਸਿੰਦੂਰ 'ਤੇ ਬਹਿਸ ਦੌਰਾਨ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "ਪਹਿਲਗਾਮ ਹਮਲੇ ਤੋਂ ਤੁਰੰਤ ਬਾਅਦ, ਸਾਡੀਆਂ ਹਥਿਆਰਬੰਦ ਫੌਜਾਂ ਨੇ ਕਾਰਵਾਈ ਕੀਤੀ ਅਤੇ ਨੌਂ ਅੱਤਵਾਦੀ ਟਿਕਾਣਿਆਂ 'ਤੇ ਸਟੀਕ ਨਿਸ਼ਾਨਾ ਬਣਾਇਆ, ਜਿਸ ਵਿੱਚ 100 ਤੋਂ ਵੱਧ ਅੱਤਵਾਦੀ, ਉਨ੍ਹਾਂ ਦੇ ਟ੍ਰੇਨਰ ਅਤੇ ਹੈਂਡਲਰ ਮਾਰੇ ਗਏ।"
ਉਨ੍ਹਾਂ ਕਿਹਾ ਕਿ ਅੱਜ ਭਾਰਤ ਅੱਤਵਾਦ ਦੀ ਜੜ੍ਹ ਤੱਕ ਜਾਂਦਾ ਹੈ ਅਤੇ ਇਸ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ। ਦੇਸ਼ ਦੀ ਸੁਰੱਖਿਆ ਲਈ ਜੋ ਵੀ ਕਦਮ ਚੁੱਕਣੇ ਪੈਣਗੇ, ਅਸੀਂ ਉਨ੍ਹਾਂ ਨੂੰ ਚੁੱਕਾਂਗੇ। ਸਾਨੂੰ ਯਾਦ ਰੱਖਣਾ ਹੋਵੇਗਾ ਕਿ ਸਾਡੀ ਏਕਤਾ ਸਭ ਤੋਂ ਵੱਡੀ ਤਾਕਤ ਹੈ ਤੇ ਸਾਰਿਆਂ ਤੱਕ ਇਹ ਸੁਨੇਹਾ ਗਿਆ ਹੈ ਕਿ ਭਾਰਤ ਆਪਣੀ ਮਾਤ ਭੂਮੀ ਦੀ ਰੱਖਿਆ ਲਈ ਦ੍ਰਿੜ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੇਰੀ ਸਰਕਾਰ ਅੱਤਵਾਦ ’ਤੇ ਜ਼ੀਰੋ ਟਾਲਰੈਂਸ ਦੀ ਨੀਤੀ ਨਾਲ ਸਮਝੌਤਾ ਨਹੀਂ ਕਰੇਗੀ। ਇਕ ਅੰਤਰਰਾਸ਼ਟਰੀ ਮੀਟਿੰਗ ਵਿਚ, ਅੱਤਵਾਦ ਦੇ ਮੁੱਦੇ ’ਤੇ ਸਾਂਝੇ ਬਿਆਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਸੀ, ਅਸੀਂ ਸਪੱਸ਼ਟ ਕੀਤਾ ਸੀ ਕਿ ਜਦੋਂ ਤੱਕ ਇਸ ’ਤੇ ਕੋਈ ਮਜ਼ਬੂਤ ਨੁਕਤਾ ਨਹੀਂ ਰੱਖਿਆ ਜਾਂਦਾ, ਅਸੀਂ ਸਾਂਝੇ ਬਿਆਨ ’ਤੇ ਦਸਤਖਤ ਨਹੀਂ ਕਰਾਂਗੇ।
ਜਦੋਂ 2009 ਵਿਚ ਮੁੰਬਈ ਹਮਲਾ ਹੋਇਆ, ਤਾਂ ਸਰਕਾਰ ਨੇ ਉਹ ਨਹੀਂ ਕੀਤਾ, ਜੋ ਉਸ ਨੂੰ ਕਰਨਾ ਚਾਹੀਦਾ ਸੀ। ਜਦੋਂ ਮੋਦੀ ਜੀ ਦੀ ਅਗਵਾਈ ਵਿਚ ਕੇਂਦਰ ਵਿਚ ਸਰਕਾਰ ਬਣੀ, ਤਾਂ ਸਥਿਤੀ ਬਦਲ ਗਈ। ਅਸੀਂ ਉੜੀ ਵਿਚ ਸਰਜੀਕਲ ਸਟਰਾਈਕ ਕੀਤੀ। ਅਸੀਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਉਨ੍ਹਾਂ ਦੇ ਘਰਾਂ ਵਿਚ ਵੜ ਕੇ ਉਨ੍ਹਾਂ ਨੂੰ ਮਾਰ ਦੇਵਾਂਗੇ।