ਰਾਹੁਲ ਦੇ ਬਦਲੇ ਸੁਰ, ਕਿਹਾ-ਕਸ਼ਮੀਰ ਭਾਰਤ ਦਾ ਅੰਦਰੂਨੀ ਮੁੱਦਾ, ਪਾਕਿਸਤਾਨ ਨੂੰ ਦਖਲ ਦੇਣ ਦਾ ਹੱਕ ਨਹੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਤਾਜ਼ਾ ਹਲਾਤਾਂ ਨੂੰ ਲੈ ਕੇ ਅਪਣੇ ਬਿਆਨ ਦੀ ਵਰਤੋਂ ਕਰਨ ‘ਤੇ ਪਾਕਿਸਤਾਨ ਨੂੰ ਫਟਕਾਰ ਲਗਾਈ ਹੈ।

Rahul Gandhi

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਤਾਜ਼ਾ ਹਲਾਤਾਂ ਨੂੰ ਲੈ ਕੇ ਅਪਣੇ ਬਿਆਨ ਦੀ ਵਰਤੋਂ ਕਰਨ ‘ਤੇ ਪਾਕਿਸਤਾਨ ਨੂੰ ਫਟਕਾਰ ਲਗਾਈ ਹੈ। ਰਾਹੁਲ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਕਸ਼ਮੀਰ ਵਿਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ ਹੈ। ਦੱਸ ਦਈਏ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਨੂੰ ਇਕ ਚਿੱਠੀ ਲਿਖੀ ਸੀ, ਜਿਸ ਵਿਚ ਰਾਹੁਲ ਗਾਂਧੀ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਰਾਹੁਲ ਗਾਂਧੀ ਨੇ ਵੀ ਮੰਨਿਆ ਹੈ ਕਿ ‘ਕਸ਼ਮੀਰ ਵਿਚ ਲੋਕ ਮਰ ਰਹੇ ਹਨ’।

ਪਾਕਿਸਤਾਨ ਦੇ ਇਸ ਕਦਮ ਤੋਂ ਬਾਅਦ ਰਾਹੁਲ ਨੇ ਬੁੱਧਵਾਰ ਨੂੰ ਕਿਹਾ ਕਿ ‘ਮੈਂ ਇਸ ਸਰਕਾਰ ਦੇ ਕਈ ਮੁੱਦਿਆਂ ‘ਤੇ ਅਸਹਿਮਤ ਹਾਂ ਪਰ ਮੈਂ ਇਹ ਪੂਰੀ ਤਰ੍ਹਾਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮੁੱਦਾ ਹੈ ਅਤੇ ਇਸ ਵਿਚ ਪਾਕਿਸਤਾਨ ਜਾਂ ਕਿਸੇ ਵੀ ਹੋਰ ਦੇਸ਼ ਨੂੰ ਦਖਲ ਦੇਣ ਦਾ ਅਧਿਕਾਰ ਨਹੀਂ ਹੈ’। ਰਾਹੁਲ ਨੇ ਕਿਹਾ ਕਿ ‘ਜੰਮੂ-ਕਸ਼ਮੀਰ ਵਿਚ ਹਿੰਸਾ ਹੋਈ ਹੈ ਕਿਉਂਕਿ ਪਾਕਿਸਤਾਨ ਉੱਥੇ ਲੋਕਾਂ ਨੂੰ ਉਕਸਾ ਰਿਹਾ ਹੈ ਅਤੇ ਹਿੰਸਾ ਫੈਲਾਅ ਰਿਹਾ ਹੈ। ਪਾਕਿਸਤਾਨ ਨੂੰ ਦੁਨੀਆ ਭਰ ਵਿਚ ਅਤਿਵਾਦ ਦਾ ਮੁੱਖ ਸਮਰਥਕ ਮੰਨਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਨੂੰ ਇਕ ਚਿੱਠੀ ਲਿਖੀ ਸੀ, ਜਿਸ ਵਿਚ ਭਾਰਤ ‘ਤੇ ਕਸ਼ਮੀਰ ਵਿਚ ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਇਲਜ਼ਾਮ ਲਗਾਏ ਗਏ ਹਨ। ਪਾਕਿਸਤਾਨ ਨੇ ਇਸ ਚਿੱਠੀ ਵਿਚ ਇਹਨਾਂ ਦਾਅਵਿਆਂ ਦੇ ਸੋਰਸ ਦੇ ਰੂਪ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਨਾਂਅ ਵੀ ਲਿਖਿਆ ਹੈ। ਚਿੱਠੀ ਵਿਚ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਚੀਫ਼ ਮਹਿਬੂਬਾ ਮੁਫ਼ਤੀ ਸਮੇਤ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਦਾ ਨਾਂਅ ਵੀ ਸ਼ਾਮਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।