ਬੱਚੇ ਘਰ ਬੈਠੇ ਰਹਿਣ ਜਾਂ ਉਨ੍ਹਾਂ ਨੂੰ ਪ੍ਰੀਖਿਆ ਵਿਚ ਬੈਠਣ ਦਿਤਾ ਜਾਏ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕੋਵਿਡ-19 ਸਾਰੀ ਮਾਨਵਤਾ ਦਾ ਸੰਕਟ ਬਣ ਗਿਆ ਹੈ। ਇਸ ਦਾ ਪੂਰਾ ਅਸਰ ਬੜੀ ਦੇਰ ਤਕ ਮਹਿਸੂਸ ਹੁੰਦਾ ਰਹੇਗਾ।

Exams

ਕੋਵਿਡ-19 ਸਾਰੀ ਮਾਨਵਤਾ ਦਾ ਸੰਕਟ ਬਣ ਗਿਆ ਹੈ। ਇਸ ਦਾ ਪੂਰਾ ਅਸਰ ਬੜੀ ਦੇਰ ਤਕ ਮਹਿਸੂਸ ਹੁੰਦਾ ਰਹੇਗਾ। ਭਾਵੇਂ ਪੂਰੀ ਤਸਵੀਰ ਤਾਂ ਬਾਅਦ ਵਿਚ ਸਾਹਮਣੇ ਆਏਗੀ ਪਰ ਸੱਭ ਤੋਂ ਮਾੜਾ ਪ੍ਰਭਾਵ ਸ਼ਾਇਦ ਬੱਚਿਆਂ ਉਤੇ ਹੀ ਪਵੇਗਾ।

2020 ਦਾ ਸਾਲ ਸਿਖਿਆ ਵਾਸਤੇ ਜ਼ੀਰੋ ਸਾਲ ਐਲਾਨਿਆ ਤਾਂ ਨਹੀਂ ਗਿਆ ਪਰ ਸਿਖਿਆ ਦੇ ਮਾਪਦੰਡਾਂ ਮੁਤਾਬਕ ਇਹ ਸਾਲ ਬਾਕੀ ਸਾਲਾਂ ਦੇ ਮੁਕਾਬਲੇ ਫਿੱਕਾ ਹੀ ਰਿਹਾ ਹੈ। ਭਾਵੇਂ ਅੱਜ ਬਹੁਤੇ ਅਧਿਆਪਕਾਂ, ਵਿਦਿਆਰਥੀਆਂ ਵਲੋਂ ਨਵੀਂ ਤਕਨੀਕ ਮੁਤਾਬਕ ਚਲਣ ਲਈ ਕਦਮ ਚੁਕੇ ਜਾ ਰਹੇ ਹਨ ਪਰ ਇਨ੍ਹਾਂ ਦੀ ਘਾਟ, ਆਉਣ ਵਾਲੇ ਸਾਲਾਂ ਵਿਚ ਪੂਰੀ ਕੀਤੇ ਜਾਣ ਦੀ ਲੋੜ ਵੀ ਮਹਿਸੂਸ ਕੀਤੀ ਜਾਵੇਗੀ।

ਉਂਜ ਕਈ ਇਮਤਿਹਾਨਾਂ ਵਾਸਤੇ ਇਸ ਸਾਲ ਨੂੰ ਜ਼ੀਰੋ ਨਹੀਂ ਕਰਾਰ ਦਿਤਾ ਜਾ ਸਕਦਾ। ਭਾਰਤ ਦੇ ਸੱਭ ਤੋਂ ਮੁਸ਼ਕਲ ਇਮਤਿਹਾਨ ਜੇ.ਈ.ਈ. ਤੇ ਐਨ.ਈ.ਈ.ਟੀ ਦੇ ਇਮਤਿਹਾਨਾਂ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਅਦਾਲਤ ਨੇ ਫ਼ੈਸਲਾ ਦੇ ਦਿਤਾ ਹੈ ਤੇ ਸਰਕਾਰ ਵਲੋਂ ਆਖ਼ਰਕਾਰ ਤਰੀਕਾਂ ਦਾ ਐਲਾਨ ਵੀ ਕਰ ਦਿਤਾ ਗਿਆ ਹੈ। ਪਰ ਅਜੇ ਵੀ ਬੱਚੇ ਇਮਤਿਹਾਨ ਦੇਣ ਤੋਂ ਡਰ ਰਹੇ ਹਨ।

ਉਨ੍ਹਾਂ ਨੂੰ ਇਮਤਿਹਾਨ ਦੇਣਾ ਅਪਣੀ ਜਾਨ ਖ਼ਤਰੇ ਵਿਚ ਪਾਉਣ ਦੇ ਬਰਾਬਰ ਲੱਗ ਰਿਹਾ ਹੈ ਤੇ ਇਨ੍ਹਾਂ ਬੱਚਿਆਂ ਦੀ ਗੱਲ ਵੀ ਸਹੀ ਹੈ ਕਿ ਆਖ਼ਰਕਾਰ ਜਦ ਇਮਤਿਹਾਨ ਹੋਣੇ ਤੈਅ ਸਨ, ਉਸ ਸਮੇਂ ਤਾਂ ਭਾਰਤ ਵਿਚ ਕੋਰੋਨਾ ਮਹਾਂਮਾਰੀ ਦੇ ਕੇਸ ਵੀ ਨਹੀਂ ਸਨ ਪਰ ਅੱਜ ਦੀ ਤਰੀਕ ਵਿਚ ਕੇਸਾਂ ਦੀ ਗਿਣਤੀ ਦਾ ਕੋਈ ਹਿਸਾਬ ਹੀ ਨਹੀਂ ਰਹਿ ਗਿਆ ਤੇ ਇਸ ਮਾਹੌਲ ਵਿਚ ਇਮਤਿਹਾਨ ਦੇਣ ਵਾਸਤੇ ਬਾਹਰ ਜਾਣਾ ਕੀ ਸਹੀ ਵੀ ਹੋਵੇਗਾ?

ਕੁੱਝ ਬੱਚਿਆਂ ਵਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਜੇ ਉਹ ਬਾਹਰੋਂ ਜਾ ਕੇ ਕੋਰੋਨਾ ਲੈ ਆਏ ਤਾਂ ਉਨ੍ਹਾਂ ਦੇ ਘਰ ਵਿਚ ਬਜ਼ੁਰਗਾਂ ਨੂੰ ਵੀ ਇਸ ਦਾ ਖ਼ਤਰਾ ਬਣ ਆਵੇਗਾ। ਦੇਸ਼ ਦੇ ਕੁੱਝ ਮੁੱਖ ਮੰਤਰੀ ਇਕੱਠੇ ਹੋ ਕੇ ਇਸ ਮੁੱਦੇ 'ਤੇ ਸੁਪਰੀਮ ਕੋਰਟ ਜਾਣ ਦੀ ਸੋਚ ਰਹੇ ਹਨ। ਪਰ ਦੂਜੇ ਪਾਸੇ ਦੇ ਕੁੱਝ ਬੱਚਿਆਂ ਦੀ ਆਵਾਜ਼ ਵਿਚ ਵੀ ਦਮ ਹੈ।

ਆਖਰ ਕਦ ਤੱਕ ਇਮਤਿਹਾਨ ਮੁਲਤਵੀ ਕਰਵਾਉਂਦੇ ਰਹੋਗੇ? ਇਮਤਿਹਾਨ ਇਕ ਮਹੀਨੇ ਦੀ ਪੜ੍ਹਾਈ ਦਾ ਨਤੀਜਾ ਨਹੀਂ ਬਲਕਿ ਕਈ ਸਾਲਾਂ ਦੀ ਮਿਹਨਤ ਦੀ ਪਰਖ ਹੁੰਦਾ ਹੈ। ਸੋ ਇਹ ਜਿਹੜੇ ਕੁੱਝ ਮਹੀਨੇ ਘਰ ਵਿਚ ਵਿਹਲੇ ਬੈਠਣ ਨੂੰ ਮਿਲੇ ਹਨ, ਇਹ ਪੜ੍ਹਾਈ ਲਈ ਇਸਤੇਮਾਲ ਕਰ ਕੇ ਤਿਆਰੀ ਸਗੋਂ ਹੋਰ ਤੇਜ਼ ਹੋਈ ਹੈ।

ਜੇ ਇਹ ਸਾਲ ਜ਼ੀਰੋ ਐਨਾਲ ਦਿਤਾ ਗਿਆ ਤਾਂ ਅਗਲੇ ਸਾਲ ਦੁਗਣੀ ਮਾਤਰਾ ਵਿਚ ਬੱਚੇ ਇਮਤਿਹਾਨ ਦੇਣ ਆਉਣਗੇ ਪਰ ਸੀਟਾਂ ਦੁਗਣੀਆਂ ਨਹੀਂ ਹੋ ਸਕਦੀਆਂ। ਜੇ ਅੰਕੜੇ ਵੇਖੀਏ ਤਾਂ 88 ਫ਼ੀ ਸਦੀ ਬੱਚਿਆਂ ਨੇ ਅਪਣੇ ਇਮਤਿਹਾਨਾਂ ਦੇ ਕਾਰਡ ਲੈ ਵੀ ਲਏ ਹਨ। ਕੋਵਿਡ-19 ਵਿਚ ਇਕ ਚੀਜ਼ ਸਾਡੇ ਦੇਸ਼ ਵਿਚ ਹਰ ਪਾਸੇ ਨਜ਼ਰ ਆਈ ਹੈ ਅਤੇ ਉਹ ਹੈ ਸਾਡੇ ਕੋਲ ਡਾਕਟਰਾਂ ਦੀ ਕਮੀ।

ਕੀ ਅੱਜ ਅਸੀ ਸੋਚ ਸਕਦੇ ਹਾਂ ਕਿ ਇਕ ਸਾਲ ਐਸਾ ਆਵੇਗਾ ਜਦੋਂ ਕੋਈ ਨਵਾਂ ਡਾਕਟਰ ਹੀ ਭਰਤੀ ਨਹੀਂ ਕੀਤਾ ਜਾਵੇਗਾ? ਗ਼ਲਤੀ ਬੱਚਿਆਂ ਦੀ ਵੀ ਨਹੀਂ ਕਿਉਂਕਿ ਉਨ੍ਹਾਂ ਦੇ ਮਨਾਂ ਵਿਚ ਐਸਾ ਡਰ ਭਰ ਦਿਤਾ ਗਿਆ ਹੈ ਕਿ ਜੋ ਡਰ ਗਏ ਹਨ, ਉਨ੍ਹਾਂ ਨੂੰ ਥੋੜੀ ਦੇਰ ਲਈ ਵੀ ਬਾਹਰ ਜਾਣਾ, ਜੰਗ ਦੇ ਮੈਦਾਨ ਵਿਚ ਜਾਣ ਬਰਾਬਰ ਲਗਦਾ ਹੈ।

ਦੂਜਾ, ਬੱਚੇ ਆਖ਼ਰ ਬੱਚੇ ਹੀ ਹੁੰਦੇ ਹਨ ਅਤੇ ਪੜ੍ਹਾਈ ਤੇ ਇਮਤਿਹਾਨਾਂ ਤੋਂ ਬਚਣ ਲਈ ਜ਼ਿੱਦ ਵੀ ਫੜ ਸਕਦੇ ਹਨ। ਇਥੇ ਹੁਣ ਵੱਡਿਆਂ ਨੂੰ ਸਿਆਣਾ ਹੋ ਕੇ ਬੱਚਿਆਂ ਨੂੰ ਤਿਆਰ ਕਰਨ ਦੀ ਲੋੜ ਹੈ। ਮਾਸਕ ਪਾ ਕੇ ਜ਼ਿੰਦਗੀ ਜਿਊਣਾ ਵੀ ਸਿਖਣਾ ਹੀ ਪਵੇਗਾ। ਇਹ ਵੀ ਹੋ ਸਕਦਾ ਹੈ ਕਿ ਅਗਲੇ ਦੋ ਸਾਲ ਤਕ ਕੋਰੋਨਾ ਦੀ ਵੈਕਸੀਨ ਆਵੇ ਹੀ ਨਾ।

ਉਸ ਹਾਲਤ ਵਿਚ ਦੋ ਸਾਲ ਵਾਸਤੇ ਜ਼ਿੰਦਗੀ ਰੋਕੀ ਤਾਂ ਨਹੀਂ ਜਾ ਸਕਦੀ। ਸਾਡੀਆਂ ਅੱਜ ਦੀਆਂ ਪੀੜ੍ਹੀਆਂ ਨਾਜ਼ਾਂ ਨਾਲ ਪਲੀਆਂ ਲਾਡਲੀਆਂ ਨਸਲਾਂ ਹਨ ਪਰ ਸ਼ਾਇਦ ਕੋਵਿਡ-19 ਦੇ ਰਸਤੇ ਇਨ੍ਹਾਂ ਨੂੰ ਮਜ਼ਬੂਤ ਅਤੇ ਨਿੱਡਰ ਬਣਾਉਣ ਦੀ, ਕੁਦਰਤ ਦੀ ਕੋਈ ਯੋਜਨਾ ਹੈ। - ਨਿਮਰਤ ਕੌਰ