ਇਸ ਅਫਸਰ ਨੇ ਦਿੱਤੇ ਸੀ ਕਿਸਾਨਾਂ 'ਤੇ ਲਾਠੀਚਾਰਜ ਦੇ ਆਰਡਰ, 'ਜੇ ਕੋਈ ਅੱਗੇ ਵਧਿਆ ਤਾਂ ਸਿਰ ਫੋੜ ਦਿਓ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

"ਮੈਂ ਤੁਹਾਨੂੰ ਇੱਕ ਲਿਖਤੀ ਆਦੇਸ਼ ਦੇ ਰਿਹਾ ਹਾਂ ਕਿ ਜੋ ਵੀ ਇਸ ਮਾਰਗ ਤੋਂ ਆਵੇਗਾ, ਉਸ ਨੂੰ ਡਾਂਗਾਂ ਨਾਲ ਮਾਰੋ ਅਤੇ ਉਸ ਦਾ ਸਿਰ ਪਾੜ ਦਿਓ।" 

File Photo

 

ਕਰਨਾਲ - ਕਰਨਾਲ ਵਿਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ  ਵਿਚਕਾਰ ਇਕ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਹਰਿਆਣਾ ਸਰਕਾਰ ਦੇ ਇੱਕ ਅਧਿਕਾਰੀ ਦਾ ਹੈ ਜਿਸ ਵਿਚ ਉਹ ਪੁਲਿਸ ਨੂੰ ਕਹਿ ਰਿਹਾ ਹੈ ਕਿ "ਮੈਂ ਡਿਊਟੀ ਮੈਜਿਸਟ੍ਰੇਟ ਹਾਂ।" ਉਸ ਨੇ ਕਿਹਾ ਕਿ, "ਮੈਂ ਤੁਹਾਨੂੰ ਇੱਕ ਲਿਖਤੀ ਆਦੇਸ਼ ਦੇ ਰਿਹਾ ਹਾਂ ਕਿ ਜੋ ਵੀ ਇਸ ਮਾਰਗ ਤੋਂ ਆਵੇਗਾ, ਉਸ ਨੂੰ ਡਾਂਗਾਂ ਨਾਲ ਮਾਰੋ ਅਤੇ ਉਸ ਦਾ ਸਿਰ ਪਾੜ ਦਿਓ।" ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਹਰਿਆਣਾ ਕਾਂਗਰਸ ਦੇ ਨੇਤਾ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਹੈ। ਦੂਜੇ ਪਾਸੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਇਸ ਵੀਡੀਓ ਵਿਚ ਦਿਖਾਈ ਦੇਣ ਵਾਲੇ ਹਰਿਆਣਾ ਸਰਕਾਰ ਦੇ ਅਧਿਕਾਰੀ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। 

ਇਸ ਦੇ ਨਾਲ ਹੀ ਦੱਸ ਦਈਏ ਕਿ ਹਰਿਆਣਾ (Haryana) ਵਿਚ ਭਾਜਪਾ ਨੇਤਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਉੱਤੇ ਲਾਠੀਚਾਰਜ (LathiCharge) ਕੀਤਾ ਗਿਆ ਹੈ। ਜਿਸ ਵਿਚ ਕਈ ਕਿਸਾਨ ਜ਼ਖਮੀ ਹੋਏ ਹਨ। ਸਾਰੀਆਂ ਵਿਰੋਧੀ ਪਾਰਟੀਆਂ ਨੇ ਸ਼ਨੀਵਾਰ ਨੂੰ ਕਰਨਾਲ (Karnal) ਵਿਚ ਕਿਸਾਨਾਂ ਉੱਤੇ ਹੋਏ ਇਸ ਲਾਠੀਚਾਰਜ ਦੀ ਨਿੰਦਾ ਕੀਤੀ ਹੈ। 

ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਹਰਿਆਣਾ ਦੀ ਖੱਟਰ ਸਰਕਾਰ ਅਤੇ ਭਾਜਪਾ ਨੂੰ ਨਿਸ਼ਾਨਾ ਬਣਾਇਆ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਪਾਰਟੀ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਤੋਂ ਇਲਾਵਾ ਇਨੈਲੋ ਨੇਤਾ ਅਭੈ ਚੌਟਾਲਾ ਨੇ ਵੀ ਹਰਿਆਣਾ ਸਰਕਾਰ 'ਤੇ ਚੁਟਕੀ ਲਈ।