ਕਰਨਾਲ: ਲਾਠੀਚਾਰਜ ਤੋਂ ਬਾਅਦ ਕਿਸਾਨਾਂ ਨੇ ਕੀਤੇ ਹਾਈਵੇ ਜਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਵੱਲੋਂ ਰੋਸ ਵਜੋਂ ਪਾਣੀਪਤ, ਹਿਸਾਰ, ਫਤਿਹਬਾਦ ਅਤੇ ਦਿੱਲੀ ਨੂੰ ਜਾਂਦੇ ਹੋਰ ਮੁਖ ਰਸਤੇ ਜਾਮ ਕਰ ਦਿੱਤੇ ਗਏ ਹਨ।

Farmers Protest

ਕਰਨਾਲ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਲਈ ਵਿਧਾਇਕਾਂ ਤੇ ਮੰਤਰੀਆਂ ਨਾਲ ਕਰਨਾਲ ਵਿਚ ਮੀਟਿੰਗ ਰੱਖੀ ਗਈ ਸੀ। ਕਿਸਾਨ ਇਸੇ ਮੀਟਿੰਗ ਦਾ ਵਿਰੋਧ ਕਰਨ ਲਈ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਉੱਤੇ ਇਕੱਠੇ ਹੋਏ ਸਨ। ਪੁਲਿਸ ਨੇ ਕਿਸਾਨਾਂ ਨੂੰ ਖਦੇੜਨ ਲਈ ਪਹਿਲਾਂ ਚਿਤਾਵਨੀ ਦੇ ਦਿੱਤੀ ਸੀ ਤੇ ਉਸ ਮਗਰੋਂ ਲਾਠੀਚਾਰਜ ਕੀਤਾ।

ਇਸ ਲਾਠੀਚਾਰਜ ਵਿਚ ਕਈ ਕਿਸਾਨ ਜਖ਼ਮੀ ਵੀ ਹੋ ਗਏ। ਲਾਠੀਚਾਰਜ ਦੌਰਾਨ ਕੁਝ ਗੱਡੀਆਂ ਦੇ ਸ਼ੀਸ਼ੇ ਵੀ ਟੁੱਟੇ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਰੋਸ ਵਜੋਂ ਪਾਣੀਪਤ, ਹਿਸਾਰ, ਫਤਿਹਬਾਦ ਅਤੇ ਦਿੱਲੀ ਨੂੰ ਜਾਂਦੇ ਹੋਰ ਮੁਖ ਰਸਤੇ ਜਾਮ ਕਰ ਦਿੱਤੇ ਗਏ ਹਨ। ਇਸ ਘਟਨਾ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਚੜੂਨੀ ਵੱਲੋਂ ਵੀ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਗਈ ਹੈ ਅਤੇ ਸੰਘਰਸ਼ ਹੋਰ ਤੇਜ਼ ਕਰਨ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਵਲੋਂ ਵੀ ਸੱਦਾ ਦਿੱਤਾ ਗਿਆ ਹੈ ਕਿ ਕਿਸਾਨ ਜਿੱਥੇ ਵੀ ਇਕੱਠੇ ਹੋ ਸਕਦੇ ਹਨ ਹੋ ਜਾਣ ਅਤੇ 5 ਵਜੇ ਤੱਕ ਹਰਿਆਣਾ ਦੇ ਰੋਡ ਜਾਮ ਕੀਤੇ ਜਾਣ। 

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਬੀਤੇ ਕਈ ਮਹੀਨਿਆਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਇਹ ਤਿੰਨੋ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਨਗੇ ਤੇ ਉਹ ਕਾਨੂੰਨਾਂ ਵਿਚ ਸੋਧ ਕਰਨ ਲਈ ਤਿਆਰ ਹਨ।