ਸੋਨਾਲੀ ਫੋਗਾਟ ਕਤਲ ਮਾਮਲੇ 'ਚ ਹੋਈ ਪੰਜਵੀਂ ਗ੍ਰਿਫ਼ਤਾਰੀ
ਗੋਆ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰ ਰਾਮਾਦਾਸ ਮਾਂਦਰੇਕਰ ਕੀਤਾ ਗ੍ਰਿਫ਼ਤਾਰ
ਗੋਆ : ਸੋਨਾਲੀ ਫੋਗਾਟ ਕਤਲ ਮਾਮਲੇ ਵਿਚ ਗੋਆ ਦੀ ਅੰਜੁਨਾ ਪੁਲਿਸ ਨੇ ਇਕ ਹੋਰ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਨਸ਼ਾ ਤਸਕਰ ਦੀ ਪਛਾਣ ਰਾਮਾਦਾਸ ਮਾਂਦਰੇਕਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ ਪੰਜ ਹੋ ਗਈ ਹੈ।
ਦੱਸਣਯੋਗ ਹੈ ਕਿ ਟਿੱਕ ਟੌਕ ਸਟਾਰ ਅਤੇ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਪ੍ਰਤੀਯੋਗੀ ਫੋਗਾਟ ਦੀ 23 ਅਗਸਤ ਨੂੰ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਉਹ ਇਸ ਤੋਂ ਇਕ ਦਿਨ ਪਹਿਲਾਂ ਗੋਆ ਪਹੁੰਚੀ ਸੀ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਉੱਤਰੀ ਗੋਆ ਜ਼ਿਲ੍ਹੇ ਦੀ ਅੰਜੁਨਾ ਪੁਲਿਸ ਨੇ ਨਸ਼ਾ ਤਸਕਰ ਰਾਮਾ ਉਰਫ ਰਾਮਾਦਾਸ ਮਾਂਦਰੇਕਰ ਨੂੰ ਕਥਿਤ ਤੌਰ 'ਤੇ ਇਕ ਹੋਰ ਤਸਕਰ ਦੱਤਪ੍ਰਸਾਦ ਗਾਉਂਕਰ ਨੂੰ ਡਰੱਗ ਸਪਲਾਈ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।
ਦੱਸ ਦੇਈਏ ਕਿ ਨਸ਼ਾ ਤਸਕਰ ਦੱਤਪ੍ਰਸਾਦ ਗਾਉਂਕਰ ਇਸ ਮਾਮਲੇ ਵਿੱਚ ਪਹਿਲਾਂ ਹੀ ਹਿਰਾਸਤ ਵਿੱਚ ਹੈ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਗਾਉਂਕਰ ਨੇ ਕਥਿਤ ਤੌਰ 'ਤੇ ਦੋ ਹੋਰ ਦੋਸ਼ੀਆਂ, ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਸੀ, ਜੋ ਸੋਨਾਲੀ ਫੋਗਾਟ ਦੇ ਨਾਲ ਗੋਆ ਦੌਰੇ 'ਤੇ ਗਏ ਸਨ।