ਅੱਜ ਢਹਿ-ਢੇਰੀ ਹੋਣਗੇ ਨੋਇਡਾ ਦੇ Twin Towers, ਕੀਤੀ ਜਾਵੇਗੀ 3700 ਕਿਲੋ ਧਮਾਕਾਖੇਜ਼ ਸਮੱਗਰੀ ਦੀ ਵਰਤੋਂ
ਅੱਜ 12 ਸਕਿੰਟਾਂ ’ਚ ਢਹਿ-ਢੇਰੀ ਹੋਣਗੇ ਟਵਿਨ ਟਾਵਰ
ਨੋਇਡਾ: ਨੋਇਡਾ ਸੁਪਰਟੈੱਕ ਦੇ ਗੈਰਕਾਨੂੰਨੀ ਰਿਹਾਇਸ਼ੀ ਟਵਿਨ ਟਾਵਰਾਂ ਨੂੰ ਅੱਜ ਐਤਵਾਰ ਦੁਪਹਿਰ ਢਾਈ ਵਜੇ ਦੇ ਕਰੀਬ ਢਾਹਿਆ ਜਾਵੇਗਾ। ਇਸ ਸਬੰਧੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ ਹਨ। ਪ੍ਰੋਜੈਕਟ ਅਧਿਕਾਰੀਆਂ ਅਨੁਸਾਰ ਟਵਿਨ ਟਾਵਰਾਂ ਨੂੰ ਢਾਹੁਣ ਲਈ ਲਗਾਈ ਗਈ ਧਮਾਕਾਖੇਜ਼ ਸਮੱਗਰੀ ਦੀ ਜਾਂਚ ਕੀਤੀ ਗਈ ਹੈ।
ਇਨ੍ਹਾਂ ਟਵਿਨ ਟਾਵਰਾਂ ਨੂੰ ਢਾਹੁਣ ਲਈ 3700 ਕਿਲੋ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ ਤੇ ਧਮਾਕੇ ਤੋਂ ਪਹਿਲਾਂ ਸੌ ਮੀਟਰ ਲੰਬੀ ਤਾਰ ਵਿਛਾਈ ਜਾਵੇਗੀ ਜੋ ਕਿ ਟਵਿਨ ਟਾਵਰਾਂ ਤੇ ਧਮਾਕਾਖੇਜ਼ ਸਮੱਗਰੀ ਵਿਚਾਲੇ ਕੁਨੈਕਸ਼ਨ ਦਾ ਕੰਮ ਕਰੇਗੀ। ਇਸ ਮਗਰੋਂ ਟਾਵਰਾਂ ਨੂੰ ਢਾਹੁਣ ਲਈ ਇਕ ਸਵਿੱਚ ਦਬਾਇਆ ਜਾਵੇਗਾ ਜਿਸ ਨਾਲ ਕੁੱਲ 21 ਪ੍ਰਾਇਮਰੀ ਧਮਾਕੇ ਹੋਣਗੇ। ਦੋਵੇਂ ਟਾਵਰਾਂ ’ਚ ਪ੍ਰਾਇਮਰੀ ਤੇ ਸੈਕੰਡਰੀ ਟਾਈਮਰ ਲਗਾਏ ਜਾਣਗੇ, ਇਹ ਟਵਿਨ ਟਾਵਰ ਦਿੱਲੀ ਦੇ ਕੁਤਬ ਮੀਨਾਰ ਤੋਂ ਵੀ ਉੱਚੇ ਹਨ ਜਿਨ੍ਹਾਂ ਦੀ ਉਚਾਈ ਲਗਭਗ ਸੌ ਮੀਟਰ ਹੈ।
ਇਨ੍ਹਾਂ ਟਾਵਰਾਂ ਨੂੰ ਢਾਹੁਣ ਲਈ ‘ਵਾਟਰਫਾਲ ਇੰਪੋਲਜ਼ਨ’ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਕੁਤੁਬ ਮੀਨਾਰ ਤੋਂ ਵੀ ਉੱਚੇ ਇਨ੍ਹਾਂ ਟਾਵਰਾਂ ਨੂੰ ਢਹਿ-ਢੇਰੀ ਕੀਤੇ ਜਾਣ ਦੇ ਨਾਲ-ਨਾਲ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਵੀ ਖ਼ਤਮ ਹੋ ਜਾਵੇਗੀ । ਇਨ੍ਹਾਂ ਟਾਵਰਾਂ ਨੂੰ ਅੱਜ ਦੁਪਹਿਰ ਢਾਈ ਵਜੇ ਸਿਰਫ਼ 9 ਤੋਂ 12 ਸਕਿੰਟਾਂ ਵਿਚ ਮਿੱਟੀ ’ਚ ਮਿਲਾ ਦਿੱਤਾ ਜਾਵੇਗਾ। ਇਸ ਦੇ ਲਈ ਸ਼ਨਿਚਰਵਾਰ ਦੇਰ ਸ਼ਾਮ ਤਕ ਤਿਆਰੀ ਚੱਲਦੀ ਰਹੀ। ਜੈੱਟ ਡੈਮੋਲਿਸ਼ਨ, ਐਡਫਿਸ ਇੰਜੀਨੀਅਰਿੰਗ ਅਤੇ ਸੀਬੀਆਰਆਈ ਦੀਆਂ ਟੀਮਾਂ ਟਾਵਰ ਦੇ ਅੰਦਰ ਵਿਸਫੋਟਕ ਨਾਲ ਜੁੜੀਆਂ ਤਾਰਾਂ ਦੀ ਜਾਂਚ ਅਤੇ ਟ੍ਰਿਗਰ ਦਬਾਏ ਜਾਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੰਦੀਆਂ ਰਹੀਆਂ। ਨੋਇਡਾ ਅਥਾਰਟੀ ਅਤੇ ਪੁਲਿਸ ਅਧਿਕਾਰੀ ਆਸ-ਪਾਸ ਦੀ ਵਿਵਸਥਾ ਨੂੰ ਦਰੁਸਤ ਕਰਨ ’ਚ ਡਟੇ ਰਹੇ। ਇਨ੍ਹਾਂ ਟਾਵਰਾਂ ਨੂੰ ਢਾਹੁਣ ਦੀ ਕਾਰਵਾਈ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਕੀਤੀ ਜਾ ਰਹੀ ਹੈ। ਅਦਾਲਤ ਅਨੁਸਾਰ ਐਮਰਾਲਡ ਕੋਰਟ ਸੁਸਾਇਟੀ ਵਿੱਚ ਇਨ੍ਹਾਂ ਰਿਹਾਇਸ਼ੀ ਟਾਵਰਾਂ ਦੀ ਉਸਾਰੀ ਵੇਲੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ।
ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸ-ਵੇ 2:15 ਤੋਂ ਲੈ ਕੇ 2:45 ਵਜੇ ਤਕ ਬੰਦ ਰਹੇਗਾ। ਧੂੜ ਦਾ ਗੁਬਾਰ ਜੇ ਐਕਸਪ੍ਰੈੱਸ-ਵੇ ਵੱਲ ਰਿਹਾ ਤਾਂ ਇਸ ਨੂੰ ਕਝ ਹੋਰ ਦੇਰ ਲਈ ਬੰਦ ਰੱਖਿਆ ਜਾ ਸਕਦਾ ਹੈ। ਐਕਸਪ੍ਰੈੱਸ-ਵੇ ਦੇ ਬੰਦ ਰਹਿਣ ਦੀ ਜਾਣਕਾਰੀ ਗੂਗਲ ਐਪ ’ਤੇ ਲਗਪਗ ਪੌਣਾ ਘੰਟਾ ਪਹਿਲਾਂ ਦਿਖਾਈ ਦੇਣੀ ਸ਼ੁਰੂ ਹੋ ਜਾਵੇਗੀ, ਅਜਿਹੇ ’ਚ ਬਦਲਵਾਂ ਮਾਰਗ ਵੀ ਗੂਗਲ ਮੈਪ ’ਤੇ ਦੱਸਿਆ ਜਾਵੇਗਾ।
ਡੀਸੀਪੀ ਸੈਂਟਰਲ ਰਾਜੇਸ਼ ਐੱਸ ਨੇ ਦੱਸਿਆ ਕਿ ਲਗਪਗ 400 ਪੁਲਿਸ ਮੁਲਾਜ਼ਮਾਂ ਦੇ ਨਾਲ ਪੀਏਸੀ ਅਤੇ ਐੱਨਡੀਆਰਐੱਫ ਦੇ ਜਵਾਨ ਵੀ ਤਾਇਨਾਤ ਕੀਤੇ ਜਾਣਗੇ। ਸੀਐੱਮਓ ਡਾ. ਸੁਨੀਲ ਸ਼ਰਮਾ ਨੇ ਦੱਸਿਆ ਕਿ ਛੇ ਐਂਬੂਲੈਂਸ ਮੌਕੇ ’ਤੇ ਮੌਜੂਦ ਰਹਿਣਗੀਆਂ ਅਤੇ ਜ਼ਿਲ੍ਹਾ ਹਸਪਤਾਲ ਦੇ ਨਾਲ ਫੈਲਿਕਸ ਅਤੇ ਯਥਾਰਥ ਹਸਪਤਾਲ ’ਚ ਵੀ ਬੈੱਡ ਰਾਖਵੇਂ ਕੀਤੇ ਗਏ ਹਨ। ਨੋਇਡਾ ਅਥਾਰਟੀ ਦੇ ਸੀਈਓ ਰਿਤੂ ਮਹੇਸ਼ਵਰੀ ਨੇ ਦੱਸਿਆ ਕਿ ਲਗਪਗ 60 ਹਜ਼ਾਰ ਟਨ ਮਲਬਾ ਦੋਵਾਂ ਟਾਵਰਾਂ ’ਚੋਂ ਨਿਕਲੇਗਾ, ਜਿਸ ਵਿਚ ਲਗਪਗ 35 ਹਜ਼ਾਰ ਟਨ ਮਲਬੇ ਦਾ ਨਿਪਟਾਰਾ ਕਰਵਾਇਆ ਜਾਵੇਗਾ। ਇਨ੍ਹਾਂ ਦੇ ਢਹਿ-ਢੇਰੀ ਤੋਂ ਬਾਅਦ ਉੱਠਣ ਵਾਲੀ ਧੂੜ ਨੂੰ ਸਾਫ਼ ਕਰਨ ਲਈ ਕਰਮਚਾਰੀ, ਸਵੀਪਿੰਗ ਮਸ਼ੀਨ, ਐਂਟੀ ਸਮਾਗ ਗਨ ਅਤੇ ਵਾਟਰ ਸਪਰਿੰਕਲਰ ਸਾਈਟ ’ਤੇ ਮੌਜੂਦ ਰਹਿਣਗੇ।