ਪਾਕਿਸਤਾਨ 'ਚ ਹੜ੍ਹ ਦਾ ਕਹਿਰ, 1000 ਤੋਂ ਵੱਧ ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਬੇ ਦੇ 24 ਜ਼ਿਲਿਆਂ 'ਚ ਹਾਈ ਅਲਰਟ

Flood in pakistan

 

ਇਸਲਾਮਾਬਾਦ: ਪਾਕਿਸਤਾਨ 'ਚ ਹੜ੍ਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਜਿੱਥੇ ਹੜ੍ਹਾਂ ਅਤੇ ਮੀਂਹ ਕਾਰਨ ਕਰੀਬ 1 ਹਜ਼ਾਰ ਲੋਕਾਂ ਦੀ ਜਾਨ ਚਲੀ ਗਈ, ਉੱਥੇ ਹੀ ਮੌਜੂਦਾ ਵਿੱਤੀ ਸਾਲ ਵਿੱਚ ਦੇਸ਼ ਨੂੰ 4 ਅਰਬ ਡਾਲਰ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਮੀਂਹ-ਹੜ੍ਹਾਂ ਦਾ ਪ੍ਰਕੋਪ ਅਜੇ ਵੀ ਜਾਰੀ ਹੈ।

 

 ਜਿਸ ਕਾਰਨ ਆਰਥਿਕਤਾ ਨੂੰ ਹੋਏ ਅਸਲ ਨੁਕਸਾਨ ਦਾ ਅਸਲ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਪਾਕਿਸਤਾਨੀ ਖਬਰਾਂ ਮੁਤਾਬਿਕ ਭਾਰੀ ਮੀਂਹ ਅਤੇ ਹੜ੍ਹ ਕਾਰਨ ਵਾਪਰੀਆਂ ਘਟਨਾਵਾਂ 'ਚ ਹੁਣ ਤੱਕ ਕਰੀਬ 1000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਨਾਲ ਹੀ ਕਰੋੜਾਂ ਰੁਪਏ ਦਾ ਸਾਮਾਨ ਵੀ ਤਬਾਹ ਹੋ ਗਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਫੌਜ ਲਗਾਤਾਰ ਬਚਾਅ ਮੁਹਿੰਮ ਚਲਾ ਰਹੀ ਹੈ। ਪਾਕਿਸਤਾਨ 'ਚ ਹੜ੍ਹਾਂ ਅਤੇ ਬਾਰਸ਼ਾਂ ਕਾਰਨ ਹਾਲਾਤ ਵਿਗੜ ਗਏ ਹਨ ਕਿ ਸਰਕਾਰ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

 

ਪਾਕਿਸਤਾਨ ਮੀਡੀਆ ਮੁਤਾਬਕ ਦੇਸ਼ ਦਾ 70 ਫੀਸਦੀ ਹਿੱਸਾ ਹੜ੍ਹਾਂ ਦੀ ਲਪੇਟ 'ਚ ਹੈ ਅਤੇ ਸਿੰਧ ਪ੍ਰਾਂਤ ਸਭ ਤੋਂ ਜ਼ਿਆਦਾ ਪੀੜਤ ਹੈ। ਦੱਸਿਆ ਜਾ ਰਿਹਾ ਹੈ ਕਿ ਸਿੰਧ ਸੂਬੇ ਦੇ 24 ਜ਼ਿਲਿਆਂ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਦੀ ਸਥਿਤੀ ਨੂੰ ਦੇਖਦੇ ਹੋਏ ਪਾਕਿਸਤਾਨ ਨੂੰ 2.6 ਬਿਲੀਅਨ ਡਾਲਰ ਦੀ ਕਪਾਹ ਅਤੇ 90 ਮਿਲੀਅਨ ਡਾਲਰ ਦੀ ਕਣਕ ਦੀ ਦਰਾਮਦ ਕਰਨੀ ਪੈ ਸਕਦੀ ਹੈ।

 

 

ਦੇਸ਼ ਨੂੰ ਇਕ ਅਰਬ ਡਾਲਰ ਦੇ ਕੱਪੜਾ ਨਿਰਯਾਤ ਦਾ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ। ਪਾਕਿਸਤਾਨ 'ਚ ਮੀਂਹ ਅਤੇ ਹੜ੍ਹਾਂ ਕਾਰਨ ਕਪਾਹ ਦੀ ਫਸਲ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਮੀਂਹ ਅਤੇ ਹੜ੍ਹਾਂ ਵਿੱਚ ਫਸਲਾਂ ਤੋਂ ਇਲਾਵਾ ਪੰਜ ਲੱਖ ਦੇ ਕਰੀਬ ਪਸ਼ੂਆਂ ਦੀ ਵੀ ਮੌਤ ਹੋ ਗਈ ਹੈ।