ਕੋਟਾ ’ਚ ਕੋਚਿੰਗ ਇੰਸਟੀਚਿਊਟਾਂ ਨੂੰ NEET, JEE ਉਮੀਦਵਾਰਾਂ ਦੇ ਨਿਯਮਤ ਟੈਸਟ ’ਤੇ ਰੋਕ ਲਾਉਣ ਦਾ ਹੁਕਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਚਿੰਗ ਇੰਸਟੀਚਿਊਟਾਂ ਲਈ ਨੀਤੀ ਬਣਾਏ ਕੇਂਦਰ ਸਰਕਾਰ : ਜਲ ਸਪਲਾਈ ਮੰਤਰੀ ਮਹੇਸ਼ ਜੋਸ਼ੀ

competitive exams

ਕੋਟਾ: ਰਾਜਸਥਾਨ ’ਚ ਕੋਟਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਕਈ ਵਿਦਿਆਰਥੀਆਂ ਦੀ ਖ਼ੁਦਕੁਸ਼ੀ ਦੇ ਮੱਦੇਨਜ਼ਰ ਕੋਚਿੰਗ ਇੰਸਟੀਚਿਊਟਾਂ ’ਚ ਅਗਲੇ ਦੋ ਮਹੀਨੇ ਤਕ NEET ਅਤੇ ਹੋਰ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਦੇ ਨਿਯਮਤ ਟੈਸਟ ਨਾ ਕਰਵਾਉਣ ਨੂੰ ਕਿਹਾ ਹੈ।

ਉਧਰ ਰਾਜਸਥਾਨ ਦੇ ਇਕ ਮੰਤਰੀ ਨੇ ਕੋਟਾ ’ਚ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀਆਂ ਦੇ ਵਧਦੇ ਮਾਮਲਿਆਂ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਵਿੱਤੀ ਬੋਝ ਵਿਦਿਆਰਥੀਆਂ ’ਚ ਤਣਾਅ ਦੇ ਕਾਰਨਾਂ ’ਚੋਂ ਇਕ ਹੈ ਅਤੇ ਕੇਂਦਰ ਨੂੰ ਇਕ ਨੀਤੀ ਬਣਾਉਣੀ ਚਾਹੀਦੀ ਹੈ ਤਾਕਿ ਮਾਪਿਆਂ ਨੂੰ ਅਪਣੇ ਬੱਚੇ ਦੀ ਕੋਚਿੰਗ ਆਦਿ ਲਈ ਕਰਜ਼ ਨਾ ਲੈਣਾ ਪਵੇ। 

ਜਲ ਸਪਲਾਈ ਮੰਤਰੀ ਮਹੇਸ਼ ਜੋਸ਼ੀ ਨੇ ਜੈਪੁਰ ’ਚ ਪੱਤਰਕਾਰਾਂ ਨੂੰ ਕਿਹਾ, ‘‘ਪੜ੍ਹਾਈ ਦਾ ਦਬਾਅ ਹੈ। ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ’ਤੇ ਇਹ ਦਬਾਅ ਹੁੰਦਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਦੀ ਪੜ੍ਹਾਈ ਲਈ ਪੈਸੇ ਉਧਾਰ ਲਏ ਹਨ, ਅਤੇ ਜੇ ਉਹ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਦੇ ਮਾਤਾ-ਪਿਤਾ ਦਾ ਕੀ ਹੋਵੇਗਾ।’’

ਇੰਜਨੀਅਰਿੰਗ ਕਾਲਜ ’ਚ ਦਾਖ਼ਲੇ ਲਈ ਹੋਣ ਵਾਲਾ ਸਾਂਝਾ ਦਾਖ਼ਲਾ ਇਮਤਿਹਾਨ (JEE) ਅਤੇ ਮੈਡੀਕਲ ਕਾਲਜ ’ਚ ਦਾਖ਼ਲੇ ਲਈ ਹੋਣ ਵਾਲੀ ਕੌਮੀ ਪਾਤਰਤਾ-ਸਹਿ-ਦਾਖ਼ਲਾ ਇਮਤਿਹਾਨ (NEET) ਵਰਗੇ ਮੁਕਾਬਲਾ ਇਮਤਿਹਾਨਾਂ ਦੀ ਤਿਆਰੀ ਲਈ ਦੇਸ਼ ਭਰ ’ਚੋਂ ਹਰ ਸਾਲ ਦੋ ਲੱਖ ਵਿਦਿਆਰਥੀ-ਵਿਦਿਆਰਥਣਾਂ ਕੋਟਾ ਆਉਂਦੇ ਹਨ। 

ਅਧਿਕਾਰੀਆਂ ਅਨੁਸਾਰ 2023 ’ਚ ਅਜੇ ਤਕ ਜ਼ਿਲ੍ਹੇ ’ਚ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ 22 ਵਿਦਿਆਰਥੀ-ਵਿਦਿਆਰਥਣਾਂ ਨੇ ਖ਼ੁਦਕੁਸ਼ੀ ਕਰ ਲਈ ਹੈ, ਜੋ ਕਿਸੇ ਵੀ ਸਾਲ ’ਚ ਖ਼ੁਦਕੁਸ਼ੀਆਂ ਦੇ ਸਭ ਤੋਂ ਵੱਧ ਮਾਮਲੇ ਹਨ। ਪਿਛਲੇ ਸਾਲ ਇਹ ਅੰਕੜਾ 15 ਸੀ। ਐਤਵਾਰ ਨੂੰ ਚਾਰ ਘੰਟੇ ਦੇ ਅੰਦਰ ਦੋ ਵਿਦਿਆਥੀਆਂ ਨੇ ਅਪਣੀ ਜਾਨ ਲੈ ਲਈ। 

ਪੁਲਿਸ ਮੁਤਾਬਕ, ਆਵਿਸ਼ਕਾਰ ਸੰਭਾਜੀ ਕਾਸਲੇ (17) ਨੇ ਐਤਵਾਰ ਨੂੰ ਬਾਅਦ ਦੁਪਹਿਰ ਲਗਭਗ 3:15 ਵਜੇ ਜਵਾਹਰ ਨਗਰ ’ਚ ਅਪਣੇ ਕੋਚਿੰਗ ਇਸੰਟੀਚਿਊਟ ਦੀ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਦਿਤੀ। ਕਾਸਲੇ ਨੇ ਕੁਝ ਮਿੰਟ ਪਹਿਲਾਂ ਹੀ ਕੋਚਿੰਗ ਇੰਸਟੀਚਿਊਟ ਦੀ ਤੀਜੀ ਮੰਜ਼ਿਲ ’ਤੇ ਇਕ ਇਮਤਿਹਾਨ ਦਿਤਾ ਸੀ। ਪੁਲਿਸ ਅਨੁਸਾਰ ਕਾਸਲੇ ਦੀ ਮੌਤ ਤੋਂ ਚਾਰ ਘੰਟੇ ਬਾਅਦ NEET ਦੀ ਹੀ ਤਿਆਰੀ ਕਰ ਰਹੇ ਆਦਰਸ਼ ਰਾਜ (18) ਨੇ ਸ਼ਾਮ ਲਗਭਗ 7 ਵਜੇ ਕੁਨਹਾੜੀ ਥਾਣਾ ਖੇਤਰ ਸਥਿਤ ਅਪਣੇ ਕਿਰਾਏ ਦੇ ਕਮਰੇ ’ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। 

ਦੋਹਾਂ ਵਿਦਿਆਥਣੀਆਂ ਦੇ ਖ਼ੁਦਕੁਸ਼ੀ ਵਰਗੇ ਸਖ਼ਤ ਕਦਮ ਚੁੱਕਣ ਪਿੱਛੇ ਦਾ ਕਾਰਨ ਕੋਚਿੰਗ ਸੰਸਥਾਨਾਂ ਵਲੋਂ ਲਏ ਜਾਣ ਵਾਲੇ ਨਿਯਮਤ ਟੈਸਟ ਦੌਰਾਨ ਘੱਟ ਅੰਕ ਪਾਉਣ ਕਾਰਨ ਉਮੀਦਵਾਰਾਂ ਦਾ ਦਬਾਅ ’ਚ ਹੋਣਾ ਦਸਿਆ ਜਾ ਰਿਹਾ ਹੈ।

ਕੋਟਾ ਦੇ ਕੁਲੈਕਟਰ ਓ.ਪੀ. ਬੰਕਰ ਨੇ ਐਤਵਾਰ ਰਾਤ ਜਾਰੀ ਇਕ ਹੁਕਮ ’ਚ ਕੋਚਿੰਗ ਸੰਸਥਾਨਾਂ ਨੂੰ ਅਗਲੇ ਦੋ ਮਹੀਨੇ ਲਈ ਨਿਯਮਤ ਟੈਸਟ ’ਤੇ ਰੋਕ ਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ‘ਮਾਨਸਿਕ ਸਹਿਯੋਗ’ ਦੇਣ ਲਈ ਇਹ ਹੁਕਮ ਜਾਰੀ ਕੀਤਾ ਗਿਆ ਹੈ।

ਜਦਕਿ ਜੋਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕੋਚਿੰਗ ਇੰਸਟੀਚਿਊਟਾਂ ਲਈ ਇਕ ਨੀਤੀ ਬਣਾਉਣੀ ਚਾਹੀਦੀ ਹੈ ਅਤੇ ਅਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ ਜਿਸ ’ਚ ਮਾਪਿਆਂ ਨੂੰ ਕਰਜ਼ ਲੈਣ ਦੀ ਜ਼ਰੂਰਤ ਨਾ ਪਵੇ ਕਿਉਂਕਿ ਇਹ ਵੀ ਵਿਦਿਆਰਥੀਆਂ ’ਤੇ ਦਬਾਅ ਦਾ ਇਕ ਵੱਡਾ ਕਾਰਨ ਹੈ।