Security measures : ਕੇਂਦਰ ਨੇ ਡਾਕਟਰਾਂ ਦੀ ਸੁਰੱਖਿਆ ਲਈ ਸੂਬਿਆਂ ਨੂੰ ਵੱਖ-ਵੱਖ ਉਪਾਅ ਸੁਝਾਏ
ਹਸਪਤਾਲ ’ਚ ਪ੍ਰਮੁੱਖ ਥਾਵਾਂ ’ਤੇ ਜਬਰ ਜਨਾਹ ਬਾਰੇ ਧਾਰਾਵਾਂ ਦੇ ਦੰਡਾਤਮਕ ਵੇਰਵੇ ਪ੍ਰਦਰਸ਼ਿਤ ਕਰਨ ’ਤੇ ਦਿਤਾ ਜ਼ੋਰ
Security measures : ਕੇਂਦਰ ਨੇ ਸੂਬਿਆਂ ਨੂੰ ਕੰਮ ਵਾਲੀਆਂ ਥਾਵਾਂ ’ਤੇ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਸਪਤਾਲਾਂ ’ਚ ਰਾਤ ਦੀ ਗਸ਼ਤ ਅਤੇ ਮਹੱਤਵਪੂਰਨ ਸਥਾਨਾਂ ’ਤੇ ਲੋਕਾਂ ਦੀ ਪਹੁੰਚ ਨੂੰ ਨਿਯਮਤ ਕਰਨ ਸਮੇਤ ਕਈ ਕਦਮ ਚੁੱਕਣ ਲਈ ਕਿਹਾ ਹੈ।
ਕੇਂਦਰ ਨੇ ਇਹ ਕਦਮ ਕੋਲਕਾਤਾ ’ਚ ਇਕ ਜੂਨੀਅਰ ਡਾਕਟਰ ਨਾਲ ਜਬਰ ਜਨਾਹ-ਕਤਲ ਮਾਮਲੇ ’ਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਚੁਕਿਆ ਹੈ। ਚਿੱਠੀ ’ਚ ਕਿਹਾ ਗਿਆ, ‘‘ਇਸ ਸਬੰਧ ’ਚ, ਹੇਠ ਲਿਖੇ ਕੁੱਝ ਤੁਰਤ ਕਦਮ ਹਨ ਜੋ ਸਿਹਤ ਮੁਲਾਜ਼ਮ ਦੀ ਸੁਰੱਖਿਆ ਅਤੇ ਉਨ੍ਹਾਂ ਲਈ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ਲਈ ਵਿਚਾਰੇ ਜਾ ਸਕਦੇ ਹਨ।’’
ਚੰਦਰਾ ਨੇ ਸਿਹਤ ਮੁਲਾਜ਼ਮਾਂ ਦੀ ਸੁਰੱਖਿਆ ਲਈ ਸੂਬੇ ਦੇ ਕਾਨੂੰਨਾਂ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਦੇ ਨਾਲ-ਨਾਲ ਹਸਪਤਾਲ ’ਚ ਪ੍ਰਮੁੱਖ ਥਾਵਾਂ ’ਤੇ ਸਥਾਨਕ ਭਾਸ਼ਾ ਅਤੇ ਅੰਗਰੇਜ਼ੀ ’ਚ ਦੰਡਾਤਮਕ ਵੇਰਵੇ ਪ੍ਰਦਰਸ਼ਿਤ ਕਰਨ ’ਤੇ ਜ਼ੋਰ ਦਿਤਾ।
ਉਨ੍ਹਾਂ ਨੇ ਹਸਪਤਾਲ ਸੁਰੱਖਿਆ ਕਮੇਟੀ ਅਤੇ ਹਿੰਸਾ ਰੋਕਥਾਮ ਕਮੇਟੀ ਦੇ ਗਠਨ ਦੀ ਵੀ ਮੰਗ ਕੀਤੀ ,ਜਿਸ ’ਚ ਸੀਨੀਅਰ ਡਾਕਟਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੈਂਬਰ ਹੋਣਗੇ।
ਚਿੱਠੀ ’ਚ ਹਸਪਤਾਲ ਦੇ ਵੱਖ-ਵੱਖ ਹਿੱਸਿਆਂ, ਹੋਸਟਲ ਦੀਆਂ ਇਮਾਰਤਾਂ ਅਤੇ ਹੋਰ ਖੇਤਰਾਂ ’ਚ ਰਾਤ ਦੀ ਡਿਊਟੀ ਦੌਰਾਨ ਰੈਜ਼ੀਡੈਂਟ ਡਾਕਟਰਾਂ ਅਤੇ ਨਰਸਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਗਈ ਹੈ। ਹਸਪਤਾਲ ਦੇ ਸਾਰੇ ਖੇਤਰਾਂ ’ਚ ਉਚਿਤ ਰੌਸ਼ਨੀ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ।
ਚਿੱਠੀ ਵਿਚ ਕਿਹਾ ਗਿਆ ਹੈ ਕਿ ਰਾਤ ਨੂੰ ਹਸਪਤਾਲ ਦੇ ਕੰਪਲੈਕਸ ਵਿਚ ਨਿਯਮਤ ਗਸ਼ਤ ਹੋਣੀ ਚਾਹੀਦੀ ਹੈ, 24 ਘੰਟੇ ਕੰਮ ਕਰਨ ਵਾਲਾ ਸੁਰੱਖਿਆ ਕੰਟਰੋਲ ਰੂਮ ਹੋਣਾ ਚਾਹੀਦਾ ਹੈ ਅਤੇ ਨੇੜਲੇ ਥਾਣੇ ਨਾਲ ਤਾਲਮੇਲ ਹੋਣਾ ਚਾਹੀਦਾ ਹੈ।
ਇਸ ਨੇ ਇਹ ਵੀ ਦਸਿਆ ਕਿ ਜਿਨਸੀ ਸੋਸ਼ਣ ਦੇ ਸਬੰਧ ’ਚ ਹਸਪਤਾਲਾਂ ਵਲੋਂ ਇਕ ਅੰਦਰੂਨੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਥਿਤੀ ਅਤੇ ਲੋੜ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਮੰਤਰਾਲਾ ਇਨ੍ਹਾਂ ਉਪਾਵਾਂ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਬਾਰੇ ਮੁੱਖ ਸਕੱਤਰਾਂ ਅਤੇ ਪੁਲਿਸ ਡਾਇਰੈਕਟਰ ਜਨਰਲਾਂ ਨਾਲ ਮੀਟਿੰਗ ਕਰ ਰਿਹਾ ਹੈ।