ਭਲਵਾਨਾਂ ਦੇ ਜਿਨਸੀ ਸੋਸ਼ਣ ਦਾ ਮਾਮਲਾ : ਬ੍ਰਿਜ ਭੂਸ਼ਣ ਨੇ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ FIR ਰੱਦ ਕਰਨ ਦੀ ਮੰਗ ਕੀਤੀ
ਪਟੀਸ਼ਨ ਵੀਰਵਾਰ ਨੂੰ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੇ ਸਾਹਮਣੇ ਸੁਣਵਾਈ ਲਈ ਸੂਚੀਬੱਧ
ਨਵੀਂ ਦਿੱਲੀ: ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਸਾਬਕਾ ਮੁਖੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ 6 ਮਹਿਲਾ ਭਲਵਾਨਾਂ ਵਲੋਂ ਦਰਜ ਜਿਨਸੀ ਸੋਸ਼ਣ ਦੇ ਮਾਮਲੇ ’ਚ ਉਨ੍ਹਾਂ ਵਿਰੁਧ ਦਰਜ FIR ਅਤੇ ਦੋਸ਼ਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਪਟੀਸ਼ਨ ਵੀਰਵਾਰ ਨੂੰ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੇ ਸਾਹਮਣੇ ਸੁਣਵਾਈ ਲਈ ਸੂਚੀਬੱਧ ਹੈ। ਬ੍ਰਿਜ ਭੂਸ਼ਣ ਨੇ ਦਲੀਲ ਦਿਤੀ ਕਿ ਜਾਂਚ ਪੱਖਪਾਤੀ ਢੰਗ ਨਾਲ ਕੀਤੀ ਗਈ ਸੀ ਕਿਉਂਕਿ ਸਿਰਫ ਪੀੜਤਾਂ ਦੇ ਬਿਆਨ ’ਤੇ ਵਿਚਾਰ ਕੀਤਾ ਗਿਆ ਸੀ, ਜੋ ਉਸ ਤੋਂ ਬਦਲਾ ਲੈਣ ਵਿਚ ਦਿਲਚਸਪੀ ਰਖਦੇ ਸਨ ਅਤੇ ਦੋਸ਼ਾਂ ਦੇ ਝੂਠ ਦਾ ਧਿਆਨ ਰੱਖੇ ਬਿਨਾਂ ਹੇਠਲੀ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਸਾਬਕਾ WFI ਮੁਖੀ ਨੇ ਦਾਅਵਾ ਕੀਤਾ ਕਿ ਉਸ ਨੂੰ ਇਸ ਕੇਸ ’ਚ ਝੂਠਾ ਫਸਾਇਆ ਗਿਆ ਹੈ ਅਤੇ ਉਸ ਨੇ ਕੋਈ ਅਪਰਾਧ ਨਹੀਂ ਕੀਤਾ ਹੈ ਜਿਵੇਂ ਕਿ ਸਰਕਾਰੀ ਵਕੀਲ ਨੇ ਦੋਸ਼ ਲਾਇਆ ਹੈ। ਹੇਠਲੀ ਅਦਾਲਤ ਨੇ 21 ਮਈ ਨੂੰ ਜਿਨਸੀ ਸੋਸ਼ਣ, ਧਮਕਾਉਣ ਅਤੇ ਔਰਤਾਂ ਦੀ ਨਿਮਰਤਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤੈਅ ਕੀਤੇ ਸਨ।
ਅਦਾਲਤ ਨੇ ਇਸ ਮਾਮਲੇ ’ਚ ਸਹਿ-ਦੋਸ਼ੀ ਅਤੇ WFI ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਵਿਰੁਧ ਅਪਰਾਧਕ ਧਮਕੀ ਦੇਣ ਦਾ ਦੋਸ਼ ਵੀ ਤੈਅ ਕੀਤਾ ਸੀ। ਮਈ 2023 ’ਚ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਦਿੱਲੀ ਪੁਲਿਸ ਨੇ ਸਿੰਘ ਦੇ ਵਿਰੁਧ FIR ਦਰਜ ਕੀਤੀ ਸੀ।