ਹਿੰਦੁਸਤਾਨ ਦੇ ਚੌਕੀਦਾਰ ਨੇ ਚੋਰੀ ਕਰ ਲਈ ਹੈ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ 'ਚ ਸਾਡੀ ਸਰਕਾਰ ਬਣਨ ਦੇ ਦਸ ਦਿਨਾਂ ਅੰਦਰ ਕਰਜ਼ਾ ਮਾਫ਼..........

Rahul Gandhi and others during the Rally

ਚਿਤਰਕੁਟ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੇ 2019 ਦੀਆਂ ਲੋਕ ਸਭਾ ਚੋਣਾਂ ਮਗਰੋਂ ਕਾਂਗਰਸ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਮਾਲ ਅਤੇ ਸੇਵਾ ਕਰ ਯਾਨੀ ਜੀਐਸਟੀ ਘੱਟ ਕਰਨ ਲਈ ਇਸ ਵਿਚ ਬਦਲਾਅ ਕਰੇਗੀ। ਇਸ ਸਾਲ ਦੇ ਅੰਤ ਵਿਚ ਮੱਧ ਪ੍ਰਦੇਸ਼ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਦੋ ਦਿਨਾ ਦੌਰੇ 'ਤੇ ਆਏ ਰਾਹੁਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੀ ਅਗਵਾਈ ਵਾਲੀ ਸੂਬਾ ਸਰਕਾਰ 'ਤੇ ਹਮਲਾ ਬੋਲਿਆ। ਰਾਹੁਲ ਨੇ ਰਾਫ਼ੇਲ ਲੜਾਕੂ ਜਹਾਜ਼ ਬਾਰੇ ਪ੍ਰਧਾਨ ਮੰਤਰੀ 'ਤੇ ਇਕ ਵਾਰ ਫਿਰ ਹੱਲਾ ਬੋਲਿਆ ਅਤੇ ਕਿਹਾ ਕਿ ਹਿੰਦੁਸਤਾਨ ਦੇ ਚੌਕੀਦਾਰ ਨੇ ਚੋਰੀ ਕਰ ਲਈ ਹੈ।

ਚਿਤਰਕੁਟ ਦੇ ਕਾਮਦਗਿਰੀ ਪਰਬਤ 'ਤੇ ਪੈਂਦੇ ਕਾਮਤਾਨਾਥ ਮੰਦਰ ਦੇ ਦਰਸ਼ਨ ਅਤੇ ਪੂਜਾ ਕਰਨ ਮਗਰੋਂ ਰਾਹੁਲ ਨੇ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, 'ਨੋਟਬੰਦੀ ਅਤੇ ਗੱਬਰ ਸਿੰਘ ਟੈਕਸ ਨੂੰ ਲਾਗੂ ਕਰ ਕੇ ਛੋਟੇ ਦੁਕਾਨਦਾਰਾਂ, ਛੋਟੇ ਉਦਯੋਗਾਂ ਅਤੇ ਰੁਜ਼ਗਾਰ ਨੂੰ ਖ਼ਤਮ ਕਰ ਦਿਤਾ ਗਿਆ ਹੈ। ਜਿਉਂ ਹੀ ਸਾਡੀ ਸਰਕਾਰ ਬਣੇਗੀ, ਅਸੀਂ ਗੱਬਰ ਸਿੰਘ ਟੈਕਸ ਨੂੰ ਅਸਲੀ ਟੈਕਸ ਵਿਚ ਬਦਲ ਦੇਵਾਂਗੇ।' ਉਨ੍ਹਾਂ ਕਿਹਾ ਕਿ ਦੇਸ਼ ਵਿਚ ਇਕ ਟੈਕਸ ਲਾਗੂ ਕੀਤਾ ਜਾਵੇਗਾ। ਘੱਟੋ ਘੱਟ ਟੈਕਸ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਮੱਧ ਪ੍ਰਦੇਸ਼ ਵਿਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਕਿਸਾਨਾਂ ਦਾ ਕਰਜ਼ਾ ਸਰਕਾਰ ਬਣਨ ਦੇ 10 ਦਿਨਾਂ ਅੰਦਰ ਮਾਫ਼ ਕਰ ਦੇਣਗੇ।

ਉਨ੍ਹਾਂ ਕਿਹਾ ਕਿ ਕਰਨਾਟਕ ਵਿਚ ਕਾਂਗਰਸ ਦੀ ਸਰਕਾਰ ਬਣਨ ਦੇ 10 ਦਿਨਾਂ ਅੰਦਰ ਕਰਜ਼ਾ ਮਾਫ਼ ਕੀਤਾ ਗਿਆ ਹੈ। ਰਾਹੁਲ ਨੇ ਕਿਹਾ, 'ਮੁੱਖ ਮੰਤਰੀ ਯੋਜਨਾ ਮਸ਼ੀਨ ਹੈ। ਜਿਥੇ ਜਾਂਦੇ ਹਨ, ਯੋਜਨਾ ਸ਼ੁਰੂ ਕਰਨ ਦਾ ਐਲਾਨ ਕਰਦੇ ਹਨ। ਚੌਹਾਨ ਨੇ 2000 ਯੋਜਨਾਵਾਂ ਲਾਂਚ ਕੀਤੀਆਂ ਹਨ।' ਉਨ੍ਹਾਂ ਨਾਲ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ ਅਤੇ ਹੋਰ ਆਗੂ ਵੀ ਸਨ। (ਏਜੰਸੀ)