ਦਿੱਲੀ ਪਹੁੰਚੇ ਕੈਪਟਨ, ਕਿਹਾ- 'ਕਿਸੇ ਨੇਤਾ ਨੂੰ ਨਹੀਂ ਮਿਲਾਂਗਾ, ਕਪੂਰਥਲਾ ਹਾਊਸ ਖਾਲੀ ਕਰਨ ਅਇਆ ਹਾਂ'

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, "ਸਿੱਧੂ ਬਾਰੇ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਉਹ ਟਿਕਣ ਵਾਲਾ ਨਹੀਂ।"

Captain Amarinder Singh

    

ਨਵੀਂ ਦਿੱਲੀ: ਪੰਜਾਬ ਦੀ ਰਾਜਨੀਤੀ ਵਿਚ ਹੋਈ ਉਥਲ-ਪੁਥਲ ਦੇ ਵਿਚਕਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਅੱਜ ਦਿੱਲੀ ਪਹੁੰਚੇ ਹਨ। ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਸਕਦੇ ਹਨ। ਹਾਲਾਂਕਿ, ਪਹਿਲਾਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਅਤੇ ਬਾਅਦ ਵਿਚ ਕੈਪਟਨ ਨੇ ਖੁਦ ਦਿੱਲੀ ਪਹੁੰਚ ਕੇ ਇਨ੍ਹਾਂ ਅਟਕਲਾਂ ਨੂੰ ਗਲਤ ਦੱਸਿਆ ਹੈ।

ਕੈਪਟਨ ਅਮਰਿੰਦਰ ਨੇ ਮੀਡੀਆ ਨੂੰ ਕਿਹਾ, “ਮੈਂ ਦਿੱਲੀ ਵਿਚ ਕਿਸੇ ਵੀ ਨੇਤਾ ਨੂੰ ਨਹੀਂ ਮਿਲਾਂਗਾ। ਮੈਂ ਘਰ (ਕਪੂਰਥਲਾ ਹਾਊਸ) ਜਾਵਾਂਗਾ, ਸਮਾਨ ਇਕੱਠਾ ਕਰਾਂਗਾ ਅਤੇ ਪੰਜਾਬ ਵਾਪਸ ਚਲਾ ਜਾਵਾਂਗਾ।” ਨਵਜੋਤ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਕੈਪਟਨ ਨੇ ਕਿਹਾ ਕਿ, "ਸਿੱਧੂ ਬਾਰੇ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਉਹ ਟਿਕਣ ਵਾਲਾ ਆਦਮੀ ਨਹੀਂ ਹੈ।" ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਸਤੀਫ਼ੇ ਨਾਲ ਵੀ ਸਿੱਧੂ ਦਾ ਕੋਈ ਲੈਣਾ-ਦੇਣਾ ਨਹੀਂ ਹੈ।

ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਹੀਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਦੇ ਨਾਲ ਹੀ ਅਸਤੀਫ਼ੇ ਤੋਂ ਬਾਅਦ ਕੈਪਟਨ ਲਗਾਤਾਰ ਕਾਂਗਰਸ ਦੇ ਵੱਡੇ ਨੇਤਾਵਾਂ 'ਤੇ ਹਮਲੇ ਕਰ ਰਹੇ ਸਨ। ਦਰਦ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰ ਉਨ੍ਹਾਂ ਦਾ ਅਪਮਾਨ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਸੀ। ਅਮਰਿੰਦਰ ਸਿੰਘ ਨੇ ਇੱਥੋਂ ਤੱਕ ਕਿਹਾ ਸੀ ਕਿ ਜੇਕਰ ਕਾਂਗਰਸ 2022 ਵਿਚ ਪੰਜਾਬ ਚੋਣਾਂ ਜਿੱਤ ਵੀ ਜਾਂਦੀ ਹੈ, ਉਹ ਨਵਜੋਤ ਸਿੰਘ ਸਿੱਧੂ (Navjot Sidhu) ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਗੇ।