Bhagat Singh birth anniversary : PM ਮੋਦੀ ਸਮੇਤ ਕਈ ਨੇਤਾਵਾਂ ਨੇ ਸ਼ਹੀਦ ਭਗਤ ਸਿੰਘ ਨੂੰ ਦਿਤੀ ਸ਼ਰਧਾਂਜਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

PM ਮੋਦੀ ਨੇ ਕਿਹਾ - ਉਹ ਉਨ੍ਹਾਂ ਪ੍ਰਮੁੱਖ ਆਜ਼ਾਦੀ ਘੁਲਾਟੀਆਂ ’ਚੋਂ ਇਕ ਹੈ, ਜਿਨ੍ਹਾਂ ਨੇ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ

PM Modi

Bhagat Singh birth anniversary : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਦਿਤੀ। PM ਮੋਦੀ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਲਿਖਿਆ, ‘‘ਅਮਰ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ, ਜਿਨ੍ਹਾਂ ਨੇ ਮਾਤ ਭੂਮੀ ਦੇ ਸਵੈਮਾਣ ਦੀ ਰੱਖਿਆ ਲਈ ਅਪਣੀ ਜਾਨ ਕੁਰਬਾਨ ਕਰ ਦਿਤੀ।

ਉਨ੍ਹਾਂ ਕਿਹਾ ਕਿ ’1907 ’ਚ ਜਨਮੇ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ 23 ਸਾਲ ਦੀ ਉਮਰ ’ਚ ਅੰਗਰੇਜ਼ਾਂ ਨੇ ਫਾਂਸੀ ਦੇ ਦਿਤੀ ਸੀ। ਉਹ ਉਨ੍ਹਾਂ ਪ੍ਰਮੁੱਖ ਆਜ਼ਾਦੀ ਘੁਲਾਟੀਆਂ ’ਚੋਂ ਇਕ ਹੈ ਜਿਨ੍ਹਾਂ ਨੇ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ।

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਵਿਰੋਧੀ ਪਾਰਟੀਆਂ ਦੇ ਕਈ ਨੇਤਾਵਾਂ ਨੇ ਸਨਿਚਰਵਾਰ ਨੂੰ ਕ੍ਰਾਂਤੀਕਾਰੀ ਅਤੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਦਿਤੀ।

ਆਦਿਤਿਆਨਾਥ ਨੇ ਕਿਹਾ ਕਿ ਆਜ਼ਾਦੀ ਲਈ ਉਨ੍ਹਾਂ ਦੀ ਕੁਰਬਾਨੀ ਅਤੇ ਸਮਰਪਣ ਹਮੇਸ਼ਾ ਅਮਰ ਰਹੇਗਾ। ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਕਸ ’ਤੇ ਇਕ ਕਵਿਤਾ ਸਾਂਝੀ ਕਰ ਕੇ ਭਗਤ ਸਿੰਘ ਨੂੰ ਯਾਦ ਕੀਤਾ।

ਯੋਗੀ ਆਦਿੱਤਿਆਨਾਥ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਮਹਾਨ ਆਜ਼ਾਦੀ ਘੁਲਾਟੀਏ ਅਤੇ ਬਹਾਦਰ ਕ੍ਰਾਂਤੀਕਾਰੀ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ ’ਤੇ ਨਿਮਰ ਸ਼ਰਧਾਂਜਲੀ।’’ ਉਨ੍ਹਾਂ ਕਿਹਾ ਕਿ ਭਾਰਤ ਮਾਤਾ ਦੀ ਆਜ਼ਾਦੀ ਲਈ ਉਨ੍ਹਾਂ ਦਾ ਬਲੀਦਾਨ ਅਤੇ ਸਮਰਪਣ ਹਮੇਸ਼ਾ ਅਮਰ ਰਹੇਗਾ। ਆਦਿੱਤਿਆਨਾਥ ਨੇ ਕਿਹਾ, ‘‘ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਸਾਨੂੰ ਸਦੀਆਂ ਤਕ ਪ੍ਰੇਰਿਤ ਕਰਦੀ ਰਹੇਗੀ।’’

ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਰਾਏ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵਲੋਂ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਦਾ ਸੰਦੇਸ਼ ਐਕਸ ’ਤੇ ਸਾਂਝਾ ਕੀਤਾ, ਜਿਸ ’ਚ ਵਾਡਰਾ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਅਪਣੇ ਵਿਚਾਰਾਂ ਅਤੇ ਸ਼ਹਾਦਤ ਨਾਲ ਪੂਰੇ ਦੇਸ਼ ਨੂੰ ਜਗਾਇਆ।

ਦੱਸ ਦੇਈਏ ਕਿ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ (ਹੁਣ ਪਾਕਿਸਤਾਨ) ਦੇ ਬੰਗਾ ਪਿੰਡ ’ਚ ਪੰਜਾਬ ਦੇ ਇਕ ਸਿੱਖ ਪਰਵਾਰ ’ਚ ਹੋਇਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ 23 ਸਾਲ ਦੀ ਉਮਰ ’ਚ ਫਾਂਸੀ ਦੇ ਦਿਤੀ ਗਈ ਸੀ।