ਕੈਪਟਨ ਅਮਰਿੰਦਰ ਸਿੰਘ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਮੁਲਤਵੀ
31 ਅਕਤੂਬਰ ਤੱਕ ਗੁਜਰਾਤ ਦੌਰੇ 'ਤੇ ਨੇ ਅਮਿਤ ਸ਼ਾਹ
ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀਰਵਾਰ ਸ਼ਾਮ ਦਿੱਲੀ ਵਿਖ਼ੇ ਦੇਸ਼ ਦੇ ਗ੍ਰਹਿ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਨਾਲ ਹੋਣ ਵਾਲੀ ਮੁਲਾਕਾਤ ਮੁਲਤਵੀ ਕਰ ਦਿੱਤੀ ਗਈ ਹੈ। ਦੁਪਹਿਰ ਨੂੰ ਇਹ ਖ਼ਬਰ ਮਿਲੀ ਹੈ ਕਿ ਅਮਿਤ ਸ਼ਾਹ ਅੱਜ ਹੀ 31 ਅਕਤੂਬਰ ਨੂੰ ਗੁਜਰਾਤ ਵਿਖ਼ੇ ਮਨਾਏ ਜਾਣ ਵਾਲੇ ਕੌਮੀ ਏਕਤਾ ਦਿਵਸ ਲਈ ਗੁਜਰਾਤ ਰਵਾਨਾ ਹੋ ਰਹੇ ਹਨ ਇਸ ਲਈ ਹੀ ਇਹ ਮੁਲਾਕਾਤ ਮੁਲਤਵੀ ਕੀਤੀ ਗਈ ਹੈ।
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਖ਼ੁਦ ਦਾਅਵਾ ਕੀਤਾ ਸੀ ਕਿ ਉਹ ਕਿਸਾਨੀ ਮੁੱਦੇ ਉੱਤੇ ਵੀਰਵਾਰ ਸ਼ਾਮ ਨੂੰ ਦਿੱਲੀ ਵਿੱਚ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਦੇ ਨਾਲ ਲਗਪਗ ਦੋ ਦਰਜਨ ਖ਼ੇਤੀ ਮਾਹਿਰਾਂ ਦਾ ਇਕ ਵਫ਼ਦ ਵੀ ਜਾਵੇਗਾ ਜਿਹੜਾ ਖ਼ੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਸੰਬੰਧੀ ਗ੍ਰਹਿ ਮੰਤਰੀ ਨਾਲ ਗੱਲਬਾਤ ਵਿਚ ਹਿੱਸਾ ਲਵੇਗਾ।
ਦੱਸ ਦਈਏ ਕਿ ਅਜੇ ਇਸ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਹੈ ਕਿ ਇਹ ਮੀਟਿੰਗ ਹੁਣ ਕਦੋਂ ਹੋਵੇਗੀ। ਸੂਤਰਾਂ ਅਨੁਸਾਰ ਇਹ ਮੀਟਿੰਗ ਹੁਣ 31 ਅਕਤੂਬਰ ਤੱਕ ਤਾਂ ਹੋਣੀ ਮੁਸ਼ਕਿਲ ਹੀ ਜਾਪ ਰਹੀ ਹੈ ਅਤੇ ਜੇ ਇਹ 31 ਅਕਤੂਬਰ ਤੋਂ ਬਾਅਦ ’ਤੇ ਪੈਂਦੀ ਹੈ ਤਾਂ ਇਹ ਮੀਟਿੰਗ ਦੀਵਾਲੀ ਤੋਂ ਬਾਅਦ ਤੱਕ ਵੀ ਅੱਗੇ ਪੈ ਸਕਦੀ ਹੈ।