ਬੇਅਦਬੀ ਮਾਮਲੇ 'ਚ ਪੁੱਛਗਿੱਛ ਲਈ ਸੌਦਾ ਸਾਧ ਨੂੰ ਨਹੀਂ ਲਿਆਂਦਾ ਜਾਵੇਗਾ ਫ਼ਰੀਦਕੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਨਾਰੀਆ ਜੇਲ੍ਹ ਜਾਵੇਗੀ ਪੰਜਾਬ ਪੁਲਿਸ ਦੀ SIT

Sauda Sadh

 

ਚੰਡੀਗੜ੍ਹ:  ਸਾਧਵੀਆਂ ਦੇ ਸ਼ੋਸ਼ਣ ਅਤੇ ਰਣਜੀਤ ਸਿੰਘ ਕਤਲ ਮਾਮਲੇ ਵਿਚ ਸਜ਼ਾ ਕੱਟ ਰਹੇ ਸੌਦਾ ਸਾਧ ਨੂੰ ਹਾਈ ਕੋਰਟ ਵਲੋਂ ਰਾਹਤ ਮਿਲੀ ਹੈ। ਸਰੂਪ ਚੋਰੀ ਮਾਮਲੇ ਵਿਚ ਫਰੀਦਕੋਟ ਅਦਾਲਤ ਵਲੋਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਗਿਆ ਸੀ ਪਰ ਹਾਈਕੋਰਟ ਵਲੋਂ ਇਸ ਉੱਤੇ ਰੋਕ ਲਗਾ ਦਿੱਤੀ ਗਈ ਹੈ।

 

 

ਇਸ ਮਾਮਲੇ ਵਿਚ 29 ਅਕਤੂਬਰ ਨੂੰ ਸੌਦਾ ਸਾਧ ਨੂੰ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਲਿਆਂਦਾ ਜਾਣਾ ਸੀ ਪਰ ਹਾਈਕੋਰਟ ਨੇ ਇਸ ਮਾਮਲੇ ਉੱਤੇ ਫੈਸਲਾ ਸੁਣਾਉਂਦੇ ਹੋਏ ਫਿਲਹਾਲ ਡੇਰਾ ਮੁਖੀ ਨੂੰ ਫਰੀਦਕੋਟ ਲਿਆਉਣ ਉੱਤੇ ਰੋਕ ਲਗਾ ਦਿੱਤੀ ਹੈ।  ਹੁਣ ਪੰਜਾਬ ਪੁਲਿਸ ਦੀ ਐਸਆਈਟੀ ਸੁਨਾਰੀਆ ਜੇਲ੍ਹ ਜਾਵੇਗੀ।

 

ਦੱਸ ਦਈਏ ਕਿ ਪੰਜਾਬ ਵਿਚ ਬੇਅਦਬੀਆਂ ਤੇ ਸਰੂਪ ਚੋਰੀ ਹੋਣ ਦੇ ਮਾਮਲੇ ਵਿਚ ਸੌਦਾ ਸਾਧ ਵੀ ਨਾਮਜ਼ਦ ਹੈ। ਇਸ ਮਾਮਲੇ ਵਿਚ ਪੁੱਛਗਿੱਛ ਲਈ ਫਰੀਦਕੋਟ ਅਦਾਲਤ ਵਲੋਂ ਪ੍ਰੋਡਕਸ਼ਨ ਵਾਰੰਟ ਨੂੰ ਮਨਜ਼ੂਰੀ ਦਿੱਤੀ ਗਈ ਸੀ।

 ਇਹ ਪ੍ਰੋਡਕਸ਼ਨ ਵਾਰੰਟ ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲਿਆਂ ਬਾਰੇ ਐੱਸ. ਆਈ. ਟੀ. ਵੱਲੋਂ ਪੁੱਛ-ਗਿੱਛ ਲਈ ਰਾਮ ਰਹੀਮ ਨੂੰ ਪੰਜਾਬ ਲਿਆਉਣ ਲਈ ਜਾਰੀ ਕੀਤੇ ਗਏ ਸਨ। ਪੰਜਾਬ ਪੁਲਿਸ ਪੁੱਛਗਿੱਛ ਮਗਰੋਂ ਰਾਮ ਰਹੀਮ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ।

ਪਰ ਇਸ ਤੋਂ ਪਹਿਲਾਂ ਹੀ ਰਾਮ ਰਹੀਮ ਨੇ ਹਾਈਕੋਰਟ ਵਿੱਚ ਇਨ੍ਹਾਂ ਵਾਰੰਟਾਂ ਨੂੰ ਚੁਣੌਤੀ ਦਿੱਤੀ। ਜਿਸ ‘ਤੇ ਅੱਜ 5-6 ਘੰਟਿਆਂ ਤੱਕ ਸੁਣਵਾਈ ਚੱਲੀ। ਅਦਾਲਤ ਨੇ ਕਿਹਾ ਕਿ ਸੌਦਾ ਸਾਧ ਪਹਿਲਾਂ ਤੋਂ ਹੀ ਹਿਰਾਸਤ ਵਿੱਚ ਹੈ ਤਾਂ ਫਿਰ ਉਸ ਤੋਂ ਜੇਕਰ ਪੁੱਛ-ਗਿੱਛ ਕਰਨੀ ਹੈ ਤਾਂ ਟੀਮ ਰੋਹਤਕ ਜੇਲ੍ਹ ਵਿੱਚ ਜਾ ਕੇ ਹੀ ਕਰ ਸਕਦੀ ਹੈ।ਇਸ ਦੇ ਲਈ ਪੰਜਾਬ ਲਿਆਉਣ ਦੀ ਕੋਈ ਲੋੜ ਨਹੀਂ ਹੈ।