ਦਿੱਲੀ ਦੇ ਹਸਪਤਾਲ 'ਚ ਇੱਕ ਮਰੀਜ਼ ਦੀ ਥਾਇਰਾਇਡ ਗ੍ਰੰਥੀ ਵਿੱਚੋਂ ਕੱਢਿਆ ਗਿਆ 'ਨਾਰੀਅਲ ਦੇ ਆਕਾਰ' ਦਾ ਟਿਊਮਰ
ਡਾਕਟਰਾਂ ਨੇ ਗਲ਼ 'ਚੋਂ ਕੱਢਿਆ 'ਨਾਰੀਅਲ ਦੇ ਆਕਾਰ' ਦਾ ਟਿਊਮਰ
ਨਵੀਂ ਦਿੱਲੀ - ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਬਿਹਾਰ ਦੇ ਇੱਕ 72 ਸਾਲਾ ਕਿਸਾਨ ਦੇ ਥਾਇਰਾਇਡ ਗਲੈਂਡ ਵਿੱਚੋਂ ਇੱਕ 'ਨਾਰੀਅਲ ਦੇ ਆਕਾਰ ਦਾ' ਟਿਊਮਰ ਕੱਢਿਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਰਜਰੀ ਦੌਰਾਨ ਮਰੀਜ਼ ਦੀ ਅਵਾਜ਼ ਬਚਾਉਣ ਸਮੇਤ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।
ਹਸਪਤਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦਾ ਰਹਿਣ ਵਾਲਾ ਵਿਅਕਤੀ ਪਿਛਲੇ ਛੇ ਮਹੀਨਿਆਂ ਤੋਂ ਸਾਹ ਲੈਣ ਅਤੇ ਭੋਜਨ ਨਿਗਲਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਸੀ। ਇਹ ਸਮੱਸਿਆ ਕਾਫੀ ਹੱਦ ਤੱਕ ਵਧਣ ਤੋਂ ਬਾਅਦ ਉਸ ਨੂੰ ਪਿਛਲੇ ਮਹੀਨੇ ਇੱਥੋਂ ਦੇ ਸਰ ਗੰਗਾ ਰਾਮ ਹਸਪਤਾਲ ਦੇ 'ਈਐੱਨਟੀ ਅਤੇ ਹੈੱਡ, ਨੇਕ ਓਨਕੋ ਸਰਜਰੀ' ਵਿਭਾਗ 'ਚ ਲਿਆਂਦਾ ਗਿਆ ਸੀ।
ਹਸਪਤਾਲ ਦੇ 'ਹੈੱਡ, ਨੈਕ ਓਨਕੋ ਸਰਜਰੀ' ਵਿਭਾਗ ਦੇ ਸਲਾਹਕਾਰ, ਡਾ. ਸੰਗੀਤਾ ਅਗਰਵਾਲ ਅਨੁਸਾਰ, “ਪਿਛਲੇ ਕਈ ਸਾਲਾਂ ਦੌਰਾਨ, ਮੈਂ ਵੱਡੇ ਥਾਇਰਾਇਡ ਟਿਊਮਰਾਂ ਦੇ 250 ਤੋਂ ਵੱਧ ਆਪਰੇਸ਼ਨ ਕੀਤੇ ਹਨ। ਪਰ ਭਾਰ ਅਤੇ ਆਕਾਰ ਦੇ ਲਿਹਾਜ਼ ਨਾਲ ਇਹ ਅਨੋਖਾ ਮਾਮਲਾ ਸੀ, ਜਿਸ ਵਿੱਚ ਤਿਤਲੀ ਦੇ ਆਕਾਰ ਦਾ ਥਾਇਰਾਇਡ ਗਲੈਂਡ, ਜਿਸ ਦਾ ਭਾਰ ਆਮ ਤੌਰ 'ਤੇ 10-15 ਗ੍ਰਾਮ ਅਤੇ ਆਕਾਰ 3-4 ਸੈਂਟੀਮੀਟਰ ਹੁੰਦਾ ਹੈ, ਉਹ 18-20 ਸੈਂਟੀਮੀਟਰ ਦੇ ਨਾਰੀਅਲ ਤੋਂ ਵੀ ਵੱਡੀ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਟਿਊਮਰ ਕੱਢਣ ਸਮੇਂ ਸਭ ਤੋਂ ਵੱਡੀ ਚੁਣੌਤੀ ਮਰੀਜ਼ ਦੀ ਆਵਾਜ਼ ਨੂੰ ਬਚਾਉਣਾ ਸੀ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਦੋਵੇਂ ਪਾਸੇ ਦੀਆਂ ਵੋਕਲ ਕੋਰਡ ਦੀਆਂ ਨਸਾਂ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ। ਡਾਕਟਰ ਨੇ ਦੱਸਿਆ ਕਿ ਟਿਊਮਰ ਕਾਰਨ ਸਾਹ ਵਾਲੀ ਨਲੀ ਤੰਗ ਹੋ ਗਈ ਸੀ, ਜਿਸ ਕਾਰਨ ਨਵੀਂ ਤਕਨੀਕ ਨਾਲ ਅਪਰੇਸ਼ਨ ਕੀਤਾ ਗਿਆ।
ਉਨ੍ਹਾਂ ਕਿਹਾ, "ਐਨੇ ਵੱਡੇ ਟਿਊਮਰ ਵਿੱਚ ਕੈਲਸ਼ੀਅਮ ਬਚਾਉਣਾ ਅਤੇ ਪੈਰਾਥਾਈਰਾਇਡ ਗਲੈਂਡ ਨੂੰ ਬਰਕਰਾਰ ਰੱਖਣਾ ਵੀ ਇੱਕ ਵੱਡੀ ਚੁਣੌਤੀ ਹੁੰਦੀ ਹੈ। ਅਸੀਂ ਸਾਰੀਆਂ ਪੈਰਾਥਾਈਰੋਇਡ ਗਲੈਂਡਜ਼ ਨੂੰ ਬਚਾਉਣ 'ਚ ਕਾਮਯਾਬ ਰਹੇ। ਥਾਈਰੋਇਡ ਗਲੈਂਡ ਇੱਕ ਤਿਤਲੀ ਦੇ ਆਕਾਰ ਦੀ ਗ੍ਰੰਥੀ ਹੁੰਦੀ ਹੈ, ਜੋ ਗਰਦਨ ਦੇ ਹੇਠਲੇ ਹਿੱਸੇ 'ਤੇ ਸਥਿਤ ਹੁੰਦੀ ਹੈ। ਇਸ ਗਲੈਂਡ ਨੂੰ "ਐਡਮਜ਼ ਐਪਲ" ਵੀ ਕਿਹਾ ਜਾਂਦਾ ਹੈ। ਹਸਪਤਾਲ ਨੇ ਦੱਸਿਆ ਕਿ ਸਰਜਰੀ 'ਚ ਕਰੀਬ ਤਿੰਨ ਘੰਟੇ ਲੱਗੇ।