2019 ’ਚ ਦਮੇ ਦੇ ਇਕ ਤਿਹਾਈ ਮਾਮਲੇ ਪੀ.ਐਮ.2.5 ਦੇ ਲੰਮੇ ਸਮੇਂ ਦੇ ਸੰਪਰਕ ਨਾਲ ਜੁੜੇ ਹੋਏ : ਅਧਿਐਨ
ਹਵਾ ਪ੍ਰਦੂਸ਼ਣ ਅਤੇ ਦਮੇ ਦੇ ਵਿਚਕਾਰ ਸਬੰਧ ਬਾਰੇ ‘ਠੋਸ ਸਬੂਤ’ ਮਿਲਿਆ
ਨਵੀਂ ਦਿੱਲੀ: ਇਕ ਨਵੇਂ ਅਧਿਐਨ ਮੁਤਾਬਕ ਸਾਲ 2019 ’ਚ ਵਿਸ਼ਵ ਪੱਧਰ ’ਤੇ ਦਰਜ ਕੀਤੇ ਗਏ ਦਮੇ ਦੇ ਲਗਭਗ ਇਕ ਤਿਹਾਈ ਮਾਮਲੇ ਪ੍ਰਦੂਸ਼ਕ ਕਣਾਂ ਪੀ.ਐਮ.2.5 ਕਾਰਨ ਪ੍ਰਦੂਸ਼ਣ ਦੇ ਲੰਮੇ ਸਮੇਂ ਤਕ ਸੰਪਰਕ ’ਚ ਰਹਿਣ ਨਾਲ ਸਬੰਧਤ ਸਨ। ਖੋਜਕਰਤਾਵਾਂ ਨੇ ਕਿਹਾ ਕਿ ਅਧਿਐਨ ਹਵਾ ਪ੍ਰਦੂਸ਼ਣ ਅਤੇ ਦਮੇ ਦੇ ਵਿਚਕਾਰ ਸਬੰਧ ਬਾਰੇ ‘ਠੋਸ ਸਬੂਤ’ ਪ੍ਰਦਾਨ ਕਰਦਾ ਹੈ।
ਦਖਣੀ ਏਸ਼ੀਆਈ ਦੇਸ਼ਾਂ ਸਮੇਤ 22 ਦੇਸ਼ਾਂ ’ਚ 2019-2023 ਦੌਰਾਨ ਕੀਤੇ ਗਏ 68 ਅਧਿਐਨਾਂ ਦੀ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਪੀ.ਐਮ.2.5 ’ਚ ਹਰ 10 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦੇ ਵਾਧੇ ਨਾਲ ਬਚਪਨ ਜਾਂ ਬਾਲਗ ਦਮੇ ਦਾ ਖਤਰਾ 21 ਫੀ ਸਦੀ ਤੋਂ ਜ਼ਿਆਦਾ ਵਧ ਜਾਂਦਾ ਹੈ। ਸਾਹ ਦੀ ਸਮੱਸਿਆ ਦੀਆਂ ਸਥਿਤੀਆਂ ਨੂੰ ਵਾਰ-ਵਾਰ ਲੱਛਣਾਂ ਵਲੋਂ ਨਿਸ਼ਾਨਬੱਧ ਕੀਤਾ ਜਾਂਦਾ ਹੈ ਜਿਵੇਂ ਕਿ ਘਰਘਰਾਣਾ, ਖੰਘ, ਅਤੇ ਸਾਹ ਲੈਣ ’ਚ ਮੁਸ਼ਕਲ ਅਤੇ ਜੀਵਨ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਖਰਾਬ ਕਰ ਸਕਦੀ ਹੈ।
ਮੈਕਸ ਪਲੈਂਕ ਇੰਸਟੀਚਿਊਟ ਫਾਰ ਕੈਮਿਸਟਰੀ ਦੇ ਪਹਿਲੇ ਲੇਖਕ ਰੂਈਜਿੰਗ ਨੀ ਨੇ ਕਿਹਾ, ‘‘ਸਾਡਾ ਅਨੁਮਾਨ ਹੈ ਕਿ ਲੰਮੇ ਸਮੇਂ ਤਕ ਪੀ.ਐਮ.2.5 ਦੇ ਸੰਪਰਕ ’ਚ ਆਉਣ ਕਾਰਨ 2019 ’ਚ ਵਿਸ਼ਵਵਿਆਪੀ ਦਮੇ ਦਾ ਲਗਭਗ ਇਕ ਤਿਹਾਈ ਹਿੱਸਾ ਵਧਦਾ ਹੈ। ਇਨ੍ਹਾਂ ’ਚ 6.35 ਕਰੋੜ ਮੌਜੂਦਾ ਕੇਸ ਅਤੇ 1.14 ਕਰੋੜ ਨਵੇਂ ਕੇਸ ਸ਼ਾਮਲ ਹਨ।’’
ਹਾਲਾਂਕਿ ਸਬੂਤਾਂ ਨੇ ਵਿਖਾਇਆ ਹੈ ਕਿ ਸੂਖਮ ਕਣ ਪ੍ਰਦੂਸ਼ਣ ਦੇ ਲੰਮੇ ਸਮੇਂ ਤਕ ਸੰਪਰਕ ’ਚ ਰਹਿਣਾ ਦਮੇ ਲਈ ਇਕ ਜੋਖਮ ਕਾਰਕ ਹੈ, ਖੋਜਕਰਤਾਵਾਂ ਨੇ ਕਿਹਾ ਕਿ ਪਹਿਲਾਂ ਦੇ ਅਧਿਐਨਾਂ ’ਚ ਅਸਮਾਨਤਾਵਾਂ ਕਾਰਨ ਸੰਭਾਵਤ ਸਿਹਤ ਖਤਰੇ ’ਤੇ ਬਹਿਸ ਜਾਰੀ ਹੈ।
ਹਾਲਾਂਕਿ, ‘ਵਨ ਅਰਥ’ ਨਾਮਕ ਰਸਾਲੇ ’ਚ ਪ੍ਰਕਾਸ਼ਤ ਉਨ੍ਹਾਂ ਦੇ ਵਿਸ਼ਲੇਸ਼ਣ ’ਚ ਪਾਇਆ ਗਿਆ ਹੈ ਕਿ ਪੀ.ਐਮ.2.5 ਦੇ ਲੰਮੇ ਸਮੇਂ ਤਕ ਸੰਪਰਕ ’ਚ ਰਹਿਣ ਨਾਲ ਬੱਚਿਆਂ ਅਤੇ ਬਾਲਗਾਂ ਦੋਹਾਂ ’ਚ ਦਮੇ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ ਅਤੇ ਵਿਸ਼ਵ ਪੱਧਰ ’ਤੇ ਦਮੇ ਦੇ 30 ਫ਼ੀ ਸਦੀ (ਲਗਭਗ) ਮਾਮਲਿਆਂ ਨਾਲ ਜੁੜਿਆ ਹੋਇਆ ਹੈ।
ਅਧਿਐਨ ਵਿਚ ਪਾਇਆ ਗਿਆ ਕਿ ਪ੍ਰਭਾਵਤ ਲੋਕਾਂ ਵਿਚ ਬੱਚੇ ਸੱਭ ਤੋਂ ਵੱਧ ਸਨ, ਜੋ 60 ਫ਼ੀ ਸਦੀ ਤੋਂ ਵੱਧ ਸਨ। ਬਾਲਗ ਜੀਵਨ ਦੀ ਸ਼ੁਰੂਆਤ ਤਕ ਫੇਫੜੇ ਅਤੇ ਰੋਗ ਪ੍ਰਤੀਰੋਧਕ ਸਿਸਟਮ ਪੂਰੀ ਤਰ੍ਹਾਂ ਪਰਿਪੱਕ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਬੱਚਿਆਂ ਨੂੰ ਹਵਾ ਪ੍ਰਦੂਸ਼ਣ ਪ੍ਰਤੀ ਵਧੇਰੇ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਸੰਪਰਕ ’ਚ ਆਉਣ ਨਾਲ ਸਾਹ ਪ੍ਰਣਾਲੀ ’ਚ ਸੋਜਸ਼ ਅਤੇ ਜ਼ਿਆਦਾ ਪ੍ਰਤੀਕਿਰਿਆ ਹੋ ਸਕਦੀ ਹੈ।