ਰਾਹ 'ਚ ਪੈਂਦੇ ਮੰਦਰ ਕਾਰਨ ਮਾਹਵਾਰੀ ਦੌਰਾਨ ਸਕੂਲੋਂ ਛੁੱਟੀ ਲੈਣ ਨੂੰ ਮਜਬੂਰ ਲੜਕੀਆਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸਬੰਧੀ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਮਾਹਵਾਰੀ ਦੌਰਾਨ ਉਸ ਇਲਾਕੇ ਤੋਂ ਲੜਕੀਆਂ ਦੇ ਲੰਘਣ ਨਾਲ ਮੰਦਰ ਅਪਵਿੱਤਰ ਹੋ ਜਾਂਦਾ ਹੈ।

School going girls

ਪਿਥੌਰਾਗੜ੍ਹ  , ( ਪੀਟੀਆਈ ) : ਪਿਥੌਰਾਗੜ੍ਹ ਦੇ ਰਾਉਤਗਾਰਾ ਪਿੰਡ ਦੀਆਂ ਕਿਸ਼ੋਰ ਲੜਕੀਆਂ ਨੂੰ ਹਰ ਮਹੀਨੇ ਘੱਟ ਤੋਂ ਘੱਟ ਪੰਜ ਦਿਨਾਂ ਲਈ ਸਕੂਲ ਤੋਂ ਛੁੱਟੀ ਲੈਣੀ ਪੈਂਦੀ ਹੈ। ਅਜਿਹਾ ਕਰਨ ਲਈ ਉਹ ਇਸ ਕਾਰਨ ਮਜਬੂਰ ਹਨ ਕਿਉਂਕਿ ਇਹ ਪੰਜ ਦਿਨ ਉਨ੍ਹਾਂ ਦੀ ਮਾਹਵਾਰੀ ਦੇ ਹੁੰਦੇ ਹਨ ਅਤੇ ਜਦ ਉਹ ਸਕੂਲ ਜਾਂਦੀਆਂ ਹਨ ਤਾਂ ਰਾਹ ਵਿਚ ਮੰਦਰ ਪੈਂਦਾ ਹੈ ਜਿਸ ਨਾਲ ਲੜਕੀਆਂ ਨੂੰ ਮਾਹਵਾਰੀ ਦੌਰਾਨ ਸਕੂਲ ਛੱਡਣਾ ਹੀ ਪੈਂਦਾ ਹੈ। ਇਸ ਸਬੰਧੀ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਮਾਹਵਾਰੀ ਦੌਰਾਨ ਉਸ ਇਲਾਕੇ ਤੋਂ ਲੜਕੀਆਂ ਦੇ ਲੰਘਣ ਨਾਲ ਮੰਦਰ ਅਪਵਿੱਤਰ ਹੋ ਜਾਂਦਾ ਹੈ।

ਇਸੇ ਮਾਨਤਾ ਕਾਰਨ ਕਿਸ਼ੋਰ ਲੜਕੀਆਂ ਨੂੰ ਸਕੂਲ ਤੋਂ ਛੁੱਟੀ ਲੈਣੀ ਪੈਂਦੀ ਹੈ।ਇਸੇ ਕਾਰਨ ਕੁਝ ਲੜਕੀਆਂ ਨੂੰ ਚੰਗੀ ਸਿੱਖਿਆ ਲਈ ਨੇੜੇ ਦੇ ਸਹਿਰਾਂ ਵਿਚ ਜਾ ਕੇ ਰਹਿਣਾ ਪੈ ਰਿਹਾ ਹੈ। ਜਿਥੇ ਉਨ੍ਹਾਂ ਦੇ ਰਿਸ਼ਤੇਦਾਰ ਰਹਿੰਦੇ ਹਨ। ਸਥਾਨਕ ਪ੍ਰਸ਼ਾਸਨ ਦੀ ਟੀਮ ਮਾਂ-ਬਾਪ ਨੂੰ ਸਮਝਾਉਣ ਲਈ ਭੇਜੀ ਜਾਵੇਗੀ ਤਾਂ ਕਿ ਉਹ ਲੜਕੀਆਂ ਨੂੰ ਮਾਹਵਾਰੀ ਦੇ ਦਿਨਾਂ ਵਿਚ ਸਕੂਲ ਭੇਜ ਸਕਣ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦ ਇਕ ਸਵੈ-ਸੇਵੀ ਸੰਗਠਨ 'ਉਤਰਾਖੰਡ ਮਹਿਲਾ ਮੰਚ ' ਵੱਲੋਂ ਉਸ ਇਲਾਕੇ ਦਾ ਦੌਰਾ ਕੀਤਾ ਗਿਆ।

ਇਸ ਟੀਮ ਦੀ ਪ੍ਰਧਾਨ ਉਮਾ ਭੱਟ ਨੇ ਦੱਸਿਆ ਕਿ ਪਿੰਡ ਦੀਆਂ ਲੜਕੀਆਂ ਜੋ ਸਰਕਾਰੀ ਇਟੰਰਕਾਲਜ ਜਾਂਦੀਆਂ ਹਨ ਉਨ੍ਹਾਂ ਨੂੰ ਮਾਹਵਾਰੀ ਦੇ ਦਿਨਾਂ ਵਿਚ ਛੁੱਟੀ ਲੈਣੀ ਪੈਂਦੀ ਹੈ। ਭੱਟ ਨੇ ਕਿਹਾ  ਕਿ ਇਹ ਮੰਦਰ ਸਥਾਨਕ ਦੇਵਤਾ ਚਾਮੂ ਦੇਵਤਾ ਦਾ ਹੈ, ਜੋ ਕਿ ਸਕੂਲ ਦੇ ਰਾਹ ਵਿਚ ਪੈਂਦਾ ਹੈ। ਭਾਵੇਂ ਅਧਿਆਪਕ ਲੜਕੀਆਂ ਨੁੰ ਮਾਹਵਾਰੀ ਦੇ ਦਿਨਾਂ ਵਿਚ ਵੀ ਸਕੂਲ ਦੀਆਂ ਕਲਾਸਾਂ ਵਿਚ ਹਾਜ਼ਰ ਹੋਣ ਲਈ ਉਤਸ਼ਾਹਿਤ ਕਰ ਰਹੇ ਹਨ ,ਪਰ ਮਾਂ-ਬਾਪ ਨੂੰ ਸਮੁਦਾਇਕ ਰਵਾਇਤਾਂ ਦਾ ਡਰ ਹੈ ਜਿਸ ਕਾਰਨ ਉਹ ਲੜਕੀਆਂ ਨੂੰ ਮਾਹਵਾਰੀ ਦੌਰਾਨ ਸਕੂਲ ਜਾਣ ਦੀ ਆਗਿਆ ਨਹੀਂ ਦੇ ਰਹੇ।