ਕੇਜਰੀਵਾਲ ਸਰਕਾਰ ਦਾ ਵੱਡਾ ਐਕਸ਼ਨ , ਹੁਣ ਖੁਦ ਰੱਖ ਰਹੇ ਕਿਸਾਨਾਂ ਦੇ ਪ੍ਰਬੰਧ ਦਾ ਖਿਆਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਤੋਂ ਇਲਾਵਾ ਮੋਬਾਇਲ ਟੌਇਲਟਸ ਦਾ ਵੀ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ।

Kejriwal

ਨਵੀਂ ਦਿੱਲੀ- ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ  ਦਿੱਲੀ ਵਿੱਚ ਕੂਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਚੋਂ ਵੱਡੀ ਗਿਣਤੀ ਕਿਸਾਨ ਰਾਹ 'ਚ ਆਈਆਂ ਔਕੜਾ ਨੂੰ ਝੱਲਦਿਆਂ ਰਾਜਧਾਨੀ ਦਿੱਲੀ ਪਹੁੰਚ ਗਏ ਹਨ। ਹੁਣ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਦੇ ਪ੍ਰਬੰਧ ਦਾ ਖਿਆਲ ਰੱਖ ਰਹੇ ਹਨ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਪਹੁੰਚੇ ਕਿਸਾਨਾਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਮੋਬਾਇਲ ਟੌਇਲਟਸ ਦਾ ਵੀ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ। 

ਕੇਜਰੀਵਾਲ ਨੇ ਆਪਣੇ ਵਿਧਾਇਕਾਂ ਦੀ ਡਿਊਟੀ ਲਾਈ ਹੈ ਕਿ ਕਿਸਾਨਾਂ ਦੀ ਹਰ ਲੋੜ ਪੂਰੀ ਕੀਤੀ ਜਾਵੇ। ਦਿੱਲੀ ਜਲ ਬੋਰਡ ਦੇ ਉਪ ਰਾਸ਼ਟਰਪਤੀ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ 'ਤੇ ਸਬੰਧਤ ਸਥਾਨ 'ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਹੈ।

ਉੱਥੇ ਹੀ ਟਰਾਂਸਪੋਰਟ ਤੇ ਵਾਤਾਵਰਨ ਮੰਤਰੀ ਕੈਲਾਸ਼ ਗਹਿਲੋਤ ਨੇ ਉੱਤਰੀ ਦਿੱਲੀ ਤੇ ਮੱਧ ਦਿੱਲੀ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਕਿਸਾਨਾਂ ਦੇ ਰਹਿਣ, ਪੀਣ ਲਈ ਪਾਣੀ, ਮੋਬਾਇਲ ਟੌਇਲਟ ਦੇ ਨਾਲ ਹੀ ਠੰਡ ਦੇ ਮਹੀਨੇ ਤੇ ਮਹਾਮਾਰੀ ਨੂੰ ਦੇਖਦਿਆਂ ਲੋਂੜੀਦੀਂ ਵਿਵਸਥਾ ਕਰੇ।

ਜ਼ਿਕਰਯੋਗ ਹੈ ਕਿ  ਪੁਲਿਸ ਨੇ ਉਨ੍ਹਾਂ ਰਾਸ਼ਟਰੀ ਰਾਜਧਾਨੀ 'ਚ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਉਹ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਸੰਬੰਧਤ ਮੈਦਾਨ 'ਚ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ। ਉੱਥੇ ਹੀ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹਰਿਆਣਾ 'ਚ ਫਸੇ ਕਿਸਾਨਾਂ ਦੀ ਉਡੀਕ ਕਰ ਰਹੇ ਹਨ।