ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਹੋਈ ਸਰਬ ਪਾਰਟੀ ਮੀਟਿੰਗ, PM ਮੋਦੀ ਨਹੀਂ ਹੋਏ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ ਨੇ ਬੈਠਕ ਤੋਂ ਕੀਤਾ ਵਾਕਆਊਟ

All party meeting before the winter session, PM Modi did not attend

ਨਵੀਂ ਦਿੱਲੀ - ਸੋਮਵਾਰ ਤੋਂ ਸ਼ੁਰੂ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਅੱਜ ਆਲ ਪਾਰਟੀ ਬੈਠਕ ਹੋਈ ਪਰ ਇਸ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਨਹੀਂ ਹੋਏ। ਉੱਥੇ ਹੀ ਆਮ ਆਦਮੀ ਪਾਰਟੀ ਨੇ ਬੈਠਕ ਤੋਂ ਵਾਕਆਊਟ ਕਰ ਦਿੱਤਾ। ਬੈਠਕ ’ਚ ਸਰਕਾਰ ਨੇ ਸੈਸ਼ਨ ਦੌਰਾਨ ਪੇਸ਼ ਹੋਣ ਵਾਲੇ ਬਿੱਲਾਂ ਬਾਰੇ ਜਾਣਕਾਰੀ ਦਿੱਤੀ ਤਾਂ ਵਿਰੋਧੀ ਧਿਰ ਨੇ ਸੈਸ਼ਨ ’ਚ ਚੁੱਕਣ ਵਾਲੇ ਮੁੱਦਿਆਂ ’ਤੇ ਚਰਚਾ ਕੀਤੀ। ਸਰਕਾਰ ਵਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਣਜ ਮੰਤਰੀ ਪੀਊਸ਼ ਗੋਇਲ ਮੌਜੂਦ ਸਨ।

ਵਿਰੋਧੀ ਧਿਰ ਵਲੋਂ ਮਲਿਕਾਰਜੁਨ ਖੜਗੇ, ਅਧੀਰ ਰੰਜਨ ਚੌਧਰੀ, ਡੇਰੇਕ ਓ ਬ੍ਰਾਇਨ, ਰਾਮਗੋਪਾਲ ਯਾਦਵ, ਆਨੰਦ ਸ਼ਰਮਾ ਅਤੇ ਸਤੀਸ਼ ਚੰਦਰ ਮਿਸ਼ਰਾ ਵੀ ਮੌਜੂਦ ਰਹੇ। ਬੈਠਕ ’ਚ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਲਈ ਸੁਝਾਵਾਂ ਦਾ ਧਿਆਨ ਰੱਖੇਗੀ। ਸਰਕਾਰ ਬਿਨ੍ਹਾਂ ਹੰਗਾਮੇ ਦੇ ਹਰ ਮੁੱਦੇ ’ਤੇ ਨਿਯਮ ਦੇ ਅਧੀਨ ਚਰਚਾ ਨੂੰ ਤਿਆਰ ਹੈ।

ਕਾਂਗਰਸ ਸੰਸਦ ਮੈਂਬਰ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅੱਜ ਜੋ ਮੀਟਿੰਗ ਹੋਈ ਹੈ, ਇਸ ’ਚ ਬਹੁਤ ਸਾਰੇ ਵਿਸ਼ਿਆਂ ’ਤੇ ਚਰਚਾ ਹੋਈ। ਐੱਮ.ਐੱਸ.ਪੀ. ’ਤੇ ਕਾਨੂੰਨ ਬਣਾਉਣ ਬਾਰੇ ਅਤੇ ਜੋ ਕਿਸਾਨ ਸ਼ਹੀਦ ਹੋਏ ਹਨ, ਉਨ੍ਹਾਂ ਨੂੰ ਵੀ ਮੁਆਵਜ਼ਾ ਦੇਣ ਦੀ ਗੱਲ ਹੋਈ ਹੈ। ਖੜਗੇ ਨੇ ਕਿਹਾ ਕਿ ਅਸੀਂ ਇਹ ਉਮੀਦ ਕਰ ਰਹੇ ਸੀ ਕਿ ਪੀ.ਐੱਮ. ਮੋਦੀ ਮੀਟਿੰਗ ’ਚ ਆਉਣਗੇ, ਅਸੀਂ ਇਹ ਪੁੱਛਣਾ ਚਾਹੁੰਦੇ ਸੀ ਕਿ ਕਿਸਾਨ ਬਿੱਲ ਨੂੰ ਲੈ ਕੇ ਉਨ੍ਹਾਂ ਦੀ ਕੀ ਰਾਏ ਹੈ।

‘ਆਪ’ ਨੇਤਾ ਸੰਜੇ ਸਿੰਘ ਨੇ ਇਹ ਦੋਸ਼ ਲਗਾਉਂਦੇ ਹੋਏ ਸਾਰੇ ਦਲਾਂ ਦੀ ਬੈਠਕ ਤੋਂ ਵਾਕਆਊਟ ਕਰ ਦਿੱਤਾ ਕਿ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਉਹ ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨ ਦੀ ਮੰਗ ਚੁੱਕਣਾ ਚਾਹੁੰਦੇ ਸਨ। ਸੰਜੇ ਸਿੰਘ ਨੇ ਕਿਹਾ,‘‘ਸਰਕਾਰ ਸਾਰੇ ਦਲਾਂ ਦੀ ਬੈਠਕ ਦੌਰਾਨ ਕਿਸੇ ਵੀ ਮੈਂਬਰ ਨੂੰ ਬੋਲਣ ਨਹੀਂ ਦਿੰਦੀ। ਮੈਂ ਸੰਸਦ ਦੇ ਇਸ ਸੈਸ਼ਨ ’ਚ ਐੱਮ.ਐੱਸ.ਪੀ. ਗਾਰੰਟੀ ’ਤੇ ਕਾਨੂੰਨ ਲਿਆਉਣ ਅਤੇ ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ਦੇ ਵਿਸਥਾਰ ਆਦਿ ਸਮੇਤ ਹੋਰ ਮੁੱਦਿਆਂ ਨੂੰ ਚੁੱਕਿਆ।

ਉਹ ਸਾਨੂੰ ਸਾਰੇ ਦਲਾਂ ਦੀ ਬੈਠਕ ਅਤੇ ਸੰਸਦ ’ਚ ਬੋਲਣ ਨਹੀਂ ਦਿੰਦੇ।’’ ਸਰਦ ਰੁੱਤ ਸੈਸ਼ਨ ਲਈ ਸਰਕਾਰ ਨੇ 26 ਬਿੱਲਾਂ ਨੂੰ ਸੂਚੀਬੱਧ ਕੀਤਾ ਹੈ, ਜਿਸ ’ਚ ਕ੍ਰਿਪਟੋਕਰੰਸੀ ’ਤੇ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਵਾਲਾ ਬਿੱਲ ਵੀ ਸ਼ਾਮਲ ਹੈ। ਭਾਜਪਾ ਨੇ ਸਰਕਾਰ ਦੇ ਸਮਰਥਨ ਲਈ ਦੋਵੇਂ ਸਦਨਾਂ ’ਚ ਆਪਣੇ ਮੈਂਬਰਾਂ ਨੂੰ ਮੌਜੂਦ ਰਹਿਣ ਲਈ ਪਹਿਲਾਂ ਹੀ ਵ੍ਹਿਪ ਜਾਰੀ ਕਰ ਦਿੱਤਾ ਹੈ।  ਸੰਸਦ ਦਾ ਸਰਦ ਰੁੱਤ ਸੈਸ਼ਨ 29 ਨਵੰਬਰ ਤੋਂ 23 ਦਸੰਬਰ ਤੱਕ ਚਲੇਗਾ।