ਭਲਕੇ ਸੰਸਦ 'ਚ ਪੇਸ਼ ਹੋਵੇਗਾ ਖੇਤੀ ਕਾਨੂੰਨ ਵਾਪਸੀ ਬਿੱਲ, ਮਾਇਆਵਤੀ ਨੇ ਕੇਂਦਰ ਨੂੰ ਦਿਤੀ ਸਲਾਹ 

ਏਜੰਸੀ

ਖ਼ਬਰਾਂ, ਰਾਸ਼ਟਰੀ

ਚੰਗਾ ਹੋਵੇਗਾ ਜੇਕਰ ਸਰਕਾਰ ਪੂਰੇ ਭਰੋਸੇ ਨਾਲ ਸਦਨ 'ਚ ਕੰਮ ਕਰੇ: ਮਾਇਆਵਤੀ

Mayawati

ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਸੰਸਦ ਸੈਸ਼ਨ ਦੇ ਮੱਦੇਨਜ਼ਰ ਸਰਕਾਰ ਨੂੰ ਸਦਨ 'ਚ ਪੂਰੇ ਭਰੋਸੇ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਹੈ। ਬਸਪਾ ਮੁਖੀ ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਉਹ ਨਿਯਮਾਂ ਤਹਿਤ ਪੂਰੀ ਤਿਆਰੀ ਨਾਲ ਦੋਵਾਂ ਸਦਨਾਂ ਵਿੱਚ ਦੇਸ਼ ਅਤੇ ਲੋਕ ਹਿੱਤ ਦੇ ਅਹਿਮ ਮੁੱਦੇ ਚੁੱਕਣ।

ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਐਤਵਾਰ ਨੂੰ ਟਵੀਟ ਕੀਤਾ, ''ਸੰਸਦ ਦਾ ਸਰਦ ਰੁੱਤ ਇਜਲਾਸ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਉਮੀਦ ਹੈ ਕਿ ਸਰਕਾਰ ਤਿੰਨ ਦਿਨ ਪਹਿਲਾਂ 'ਸੰਵਿਧਾਨ ਦਿਵਸ' 'ਤੇ ਜਨਤਾ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਨਹੀਂ ਭੁੱਲੇਗੀ, ਸਗੋਂ ਉਨ੍ਹਾਂ ਨੂੰ ਸਹੀ ਢੰਗ ਨਾਲ ਪੂਰਾ ਵੀ ਕਰੇਗੀ। ਕਿਸਾਨਾਂ ਦੇ ਸਾਰੇ ਮੁੱਦਿਆਂ ਨੂੰ ਲੈ ਕੇ ਸਰਕਾਰ ਦਾ ਕੀ ਸਟੈਂਡ ਹੋਵੇਗਾ, ਇਸ 'ਤੇ ਵੀ ਸਭ ਦੀ ਨਜ਼ਰ ਰਹੇਗੀ।

ਮਾਇਆਵਤੀ ਨੇ ਟਵੀਟਸ ਦੀ ਇੱਕ ਲੜੀ ਵਿਚ ਕਿਹਾ, "ਸਾਰੇ ਬਸਪਾ ਸੰਸਦ ਮੈਂਬਰਾਂ ਨੂੰ ਇਹ ਵੀ ਨਿਰਦੇਸ਼ ਦਿਤਾ ਗਿਆ ਹੈ ਕਿ ਉਹ ਨਿਯਮਾਂ ਦੇ ਤਹਿਤ ਪੂਰੀ ਤਿਆਰੀ ਦੇ ਨਾਲ ਦੇਸ਼ ਅਤੇ ਜਨਹਿੱਤ ਦੇ ਮਹੱਤਵਪੂਰਨ ਮੁੱਦੇ ਦੋਵਾਂ ਸਦਨਾਂ ਵਿੱਚ ਚੁੱਕਣ। ਬਿਹਤਰ ਹੋਵੇਗਾ ਜੇਕਰ ਸਰਕਾਰ ਵੀ ਸਦਨ ਨੂੰ ਭਰੋਸੇ ਵਿੱਚ ਲੈ ਕੇ ਆਪਣੇ ਪੱਖ ਤੋਂ ਕੰਮ ਕਰੇ।

ਮਾਇਆਵਤੀ ਨੇ ਕਿਹਾ, ''ਖੇਤੀ ਕਾਨੂੰਨ ਵਰਗੇ ਵਿਆਪਕ ਜਨਤਕ ਹਿੱਤਾਂ ਦੇ ਮੁੱਦਿਆਂ 'ਤੇ ਕਾਨੂੰਨਾਂ ਦੇ ਪ੍ਰਭਾਵ ਦਾ ਮੁਲਾਂਕਣ ਨਾ ਕਰਨਾ ਇਕ ਮਹੱਤਵਪੂਰਨ ਸਵਾਲ ਬਣ ਗਿਆ ਹੈ ਜਿਸ ਵੱਲ ਨਿਆਂਪਾਲਿਕਾ ਵਾਰ-ਵਾਰ ਇਸ਼ਾਰਾ ਕਰਦੀ ਹੈ। ਕੇਂਦਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਨਵੇਂ ਕਾਨੂੰਨ ਦੇ ਮੁੱਦਿਆਂ ਨੂੰ ਲੈ ਕੇ ਹੋਰ ਬੇਲੋੜੇ ਟਕਰਾਅ ਤੋਂ ਬਚਿਆ ਜਾ ਸਕੇ।