ਭਾਰਤ ਵਿਚ ਪੰਜ ਸਾਲ ਤੱਕ ਦੇ ਬੱਚਿਆਂ 'ਚ ਵਧ ਰਿਹਾ ਹੈ ਮੋਟਾਪਾ : ਖੋਜ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਤੁਲਿਤ ਭੋਜਨ ਦੀ ਘਾਟ, ਖਾਣ-ਪੀਣ ਦੀਆਂ ਗ਼ਲਤ ਆਦਤਾਂ ਅਤੇ ਘੱਟ ਸਰੀਰਕ ਗਤੀਵਿਧੀਆਂ ਹਨ ਮੁੱਖ ਕਾਰਨ 

obesity

ਨਵੀਂ ਦਿੱਲੀ : ਨੈਸ਼ਨਲ ਫੈਮਿਲੀ ਹੈਲਥ ਸਰਵੇ (NFHS) ਦੇ ਤਾਜ਼ਾ ਅੰਕੜਿਆਂ ਅਨੁਸਾਰ ਪੰਜ ਸਾਲ ਤੱਕ ਦੇ ਬੱਚਿਆਂ ਵਿਚ ਮੋਟਾਪਾ ਵਧਿਆ ਹੈ ਅਤੇ 33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੋਟਾਪੇ ਦੇ ਸ਼ਿਕਾਰ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। .ਮਾਹਰਾਂ ਨੇ ਮੋਟਾਪਾ ਵਧਣ ਦਾ ਕਾਰਨ ਘੱਟ ਸਰੀਰਕ ਗਤੀਵਿਧੀ ਅਤੇ ਸੰਤੁਲਿਤ ਭੋਜਨ ਦੀ ਘਾਟ ਨੂੰ ਦੱਸਿਆ ਹੈ। ਮੋਟਾਪੇ ਵਾਲੇ ਬੱਚਿਆਂ ਦੀ ਗਿਣਤੀ NFHS-4 ਵਿਚ 2.1 ਫ਼ੀ ਸਦੀ ਤੋਂ ਵੱਧ ਕੇ NFHS-5 ਵਿਚ 3.4 ਫ਼ੀ ਸਦੀ ਹੋ ਗਈ ਹੈ।

ਤਾਜ਼ਾ NFHS ਸਰਵੇਖਣ ਅਨੁਸਾਰ, ਮੋਟਾਪਾ ਸਿਰਫ਼ ਬੱਚਿਆਂ ਵਿਚ ਹੀ ਨਹੀਂ ਸਗੋਂ ਔਰਤਾਂ ਅਤੇ ਮਰਦਾਂ ਵਿਚ ਵੀ ਵਧਿਆ ਹੈ। ਮੋਟੀਆਂ ਔਰਤਾਂ ਦੀ ਗਿਣਤੀ 20.6 ਫ਼ੀ ਸਦੀ ਤੋਂ ਵਧ ਕੇ 24 ਫ਼ੀ ਸਦੀ ਹੋ ਗਈ ਹੈ, ਜਦਕਿ ਮਰਦਾਂ ਦੀ ਗਿਣਤੀ 18.9 ਫ਼ੀ ਸਦੀ ਤੋਂ ਵਧ ਕੇ 22.9 ਫ਼ੀ ਸਦੀ ਹੋ ਗਈ ਹੈ। ਸਰਵੇਖਣ ਅਨੁਸਾਰ ਮਹਾਰਾਸ਼ਟਰ, ਗੁਜਰਾਤ, ਮਿਜ਼ੋਰਮ, ਤ੍ਰਿਪੁਰਾ, ਲਕਸ਼ਦੀਪ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਦਿੱਲੀ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਲੱਦਾਖ ਸਮੇਤ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਪੰਜ ਸਾਲ ਤੱਕ ਦੇ ਬੱਚਿਆਂ ਵਿਚ ਮੋਟਾਪੇ 'ਚ ਵਾਧਾ ਦਰਜ ਕੀਤਾ ਗਿਆ ਹੈ। ਜਦੋਂ ਕਿ ਇਹ ਗਿਣਤੀ 2015 ਅਤੇ 2016 ਦੌਰਾਨ ਕਰਵਾਏ ਗਏ NFHS-4 ਵਿਚ ਘੱਟ ਸੀ।

ਸਿਰਫ ਗੋਆ, ਤਾਮਿਲਨਾਡੂ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਵਿਚ ਪੰਜ ਸਾਲ ਤੱਕ ਦੇ ਬੱਚਿਆਂ ਵਿਚ ਮੋਟਾਪੇ ਵਿਚ ਕਮੀ ਦਿਖਾਈ ਗਈ ਹੈ। ਸਰਵੇਖਣ ਦੇ ਅੰਕੜਿਆਂ ਅਨੁਸਾਰ 30 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਔਰਤਾਂ ਵਿੱਚ ਮੋਟਾਪਾ ਵਧਿਆ ਹੈ ਜਦੋਂ ਕਿ 33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਮਰਦਾਂ ਵਿਚ ਮੋਟਾਪਾ ਵਧਿਆ ਹੈ।

ਜ਼ਿਕਰਯੋਗ ਹੈ ਕਿ ਮਰਦਾਂ ਅਤੇ ਔਰਤਾਂ ਨੂੰ ਮੋਟੇ ਮੰਨਿਆ ਜਾਂਦਾ ਹੈ ਜਿਨ੍ਹਾਂ ਦਾ "ਬਾਡੀ ਮਾਸ ਇੰਡੈਕਸ" 25.0 ਕਿਲੋਗ੍ਰਾਮ/M2 ਤੋਂ ਵੱਧ ਜਾਂ ਬਰਾਬਰ ਪਾਇਆ ਜਾਂਦਾ ਹੈ, ਜਦੋਂ ਕਿ ਬੱਚਿਆਂ ਵਿਚ ਮੋਟਾਪਾ ਭਾਰ ਤੋਂ ਉਚਾਈ ਦੇ ਆਧਾਰ 'ਤੇ ਮਾਪਿਆ ਜਾਂਦਾ ਹੈ। ਸਿਹਤ ਸੰਭਾਲ ਮਾਹਰਾਂ ਨੇ ਮੋਟਾਪਾ ਵਧਣ ਦਾ ਕਾਰਨ ਸੰਤੁਲਿਤ ਭੋਜਨ ਦੀ ਘਾਟ, ਖਾਣ-ਪੀਣ ਦੀਆਂ ਗ਼ਲਤ ਆਦਤਾਂ ਅਤੇ ਘੱਟ ਸਰੀਰਕ ਗਤੀਵਿਧੀਆਂ ਨੂੰ ਮੰਨਿਆ ਹੈ।

ਪਾਪੂਲੇਸ਼ਨ ਫਾਊਂਡੇਸ਼ਨ ਆਫ ਇੰਡੀਆ ਦੀ ਕਾਰਜਕਾਰੀ ਨਿਰਦੇਸ਼ਕ ਪੂਨਮ ਮੁਤਰੇਜਾ ਨੇ ਕਿਹਾ ਕਿ ਪਿਛਲੇ 15 ਸਾਲਾਂ ਵਿਚ ਭਾਰਤੀ ਔਰਤਾਂ, ਮਰਦਾਂ ਅਤੇ ਬੱਚਿਆਂ ਵਿਚ ਮੋਟਾਪੇ ਦੇ ਰੁਝਾਨ ਪਿੱਛੇ ਵਧਦੀ ਆਮਦਨ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਅਤੇ ਅਸੰਤੁਲਿਤ ਜੀਵਨ ਸ਼ੈਲੀ ਕਾਰਨ ਹਨ।

ਸੇਵ ਦਿ ਚਿਲਡਰਨ, ਇੰਡੀਆ ਦੇ ਨਿਊਟ੍ਰੀਸ਼ਨ ਦੇ ਮੁਖੀ ਡਾ. ਅੰਤਰਯਾਮੀ ਦਾਸ ਨੇ ਕਿਹਾ ਕਿ ਹਰ ਦੇਸ਼ ਕੁਪੋਸ਼ਣ ਦੇ ਦੋਹਰੇ ਬੋਝ ਵੱਲ ਵਧ ਰਿਹਾ ਹੈ ਜਿੱਥੇ ਕੁਪੋਸ਼ਣ ਅਤੇ ਜ਼ਿਆਦਾ ਪੋਸ਼ਣ ਵਾਲੇ ਲੋਕ ਸਹਿ-ਮੌਜੂਦ ਹਨ। ਇਹ ਪੱਛਮੀ ਦੇਸ਼ਾਂ ਅਤੇ ਉਦਯੋਗਿਕ ਦੇਸ਼ਾਂ ਵਿਚ ਸਭ ਤੋਂ ਵੱਧ ਹੈ ਪਰ ਹੌਲੀ ਹੌਲੀ ਵਿਕਾਸਸ਼ੀਲ ਦੇਸ਼ਾਂ ਵਿਚ ਵੀ ਆ ਰਿਹਾ ਹੈ।