ਮੁੰਬਈ ਏਅਰਪੋਰਟ 'ਤੇ DRI ਦੀ ਵੱਡੀ ਕਾਰਵਾਈ, 40 ਕਰੋੜ ਦੇ ਨਸ਼ੀਲੇ ਪਦਾਰਥਾਂ ਸਮੇਤ 2 ਵਿਦੇਸ਼ੀ ਕੀਤੇ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ

photo

 

ਮੁੰਬਈ: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਟੀਮ ਨੂੰ ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੱਡੀ ਸਫਲਤਾ ਮਿਲੀ ਹੈ। ਡੀਆਰਆਈ ਦੀ ਟੀਮ ਨੇ ਹਵਾਈ ਅੱਡੇ ’ਤੇ ਅੱਠ ਕਿਲੋ ਹੈਰੋਇਨ ਸਮੇਤ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 40 ਕਰੋੜ ਰੁਪਏ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਡੀਆਰਆਈ ਦੀ ਟੀਮ ਨੇ ਆਪਣੇ ਸੂਤਰਾਂ ਤੋਂ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਹੈ।

ਡੀਆਰਆਈ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੋ ਵਿਦੇਸ਼ੀ ਨਾਗਰਿਕ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਲੈ ਕੇ ਮੁੰਬਈ ਆ ਰਹੇ ਹਨ। ਇਹ ਲੋਕ ਮੁੰਬਈ ਏਅਰਪੋਰਟ 'ਤੇ ਉਤਰਨ ਵਾਲੇ ਹਨ। ਜਾਣਕਾਰੀ ਮੁਤਾਬਕ ਡੀਆਰਆਈ ਨੇ ਮੁਲਜ਼ਮਾਂ ਨੂੰ ਏਅਰਪੋਰਟ 'ਤੇ ਜਾਲ ਵਿਛਾ ਕੇ ਫੜ ਲਿਆ। ਅਧਿਕਾਰੀਆਂ ਨੇ ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਸਾਮਾਨ ਦੀ ਚੈਕਿੰਗ ਕਰਨ ’ਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।

ਇਸ ਤੋਂ ਪਹਿਲਾਂ ਵੀ ਮੁੰਬਈ ਹਵਾਈ ਅੱਡੇ 'ਤੇ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਚੁੱਕੇ ਹਨ। 21 ਨਵੰਬਰ ਨੂੰ, NCB ਨੇ ਇੱਕ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ। ਕੇਂਦਰੀ ਜਾਂਚ ਏਜੰਸੀ ਨੇ ਮੁੰਬਈ ਤੋਂ ਦੋ ਵਿਦੇਸ਼ੀ ਨਾਗਰਿਕਾਂ ਨੂੰ ਕਰੋੜਾਂ ਰੁਪਏ ਦੀ ਕੋਕੀਨ ਸਮੇਤ ਗ੍ਰਿਫ਼ਤਾਰ ਕੀਤਾ ਸੀ।