ਰੈਜ਼ੀਡੈਂਟ ਡਾਕਟਰਾਂ ਦਾ ਪ੍ਰਦਰਸ਼ਨ, ਦਿੱਲੀ ਪੁਲਿਸ 'ਤੇ ਮਹਿਲਾ ਡਾਕਟਰ ਨੇ ਲਗਾਇਆ ਬਦਸਲੂਕੀ ਦਾ ਆਰੋਪ
ਅਜੇ ਤੱਕ ਉਨ੍ਹਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਨਹੀਂ ਪਹੁੰਚੀ।
ਨਵੀਂ ਦਿੱਲੀ: ਪਿਛਲੇ ਸਾਲ ਦੇਸ਼ ਵਿਆਪੀ ਤਾਲਾਬੰਦੀ ਦੌਰਾਨ, ਡਾਕਟਰਾਂ ਅਤੇ ਸਿਹਤ ਕਰਮਚਾਰੀਆਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਲਈ ਡਾਕਟਰਾਂ ਦੇ ਸਬੰਧ ਵਿਚ ਬਹੁਤ ਕੁਝ ਕਿਹਾ ਸੀ। ਕੋਵਿਡ ਦੌਰਾਨ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੇ ਇਹ ਡਾਕਟਰ ਅੱਜ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਹਨ, ਦਸੰਬਰ ਦੀਆਂ ਸਰਦੀਆਂ ਦੀਆਂ ਰਾਤਾਂ ਖੁੱਲ੍ਹੇ ਅਸਮਾਨ ਹੇਠ ਕੱਟ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਨਹੀਂ ਪਹੁੰਚੀ।
ਮੈਡੀਕਲ ਕਾਲਜਾਂ ਨਾਲ ਜੁੜੇ ਹਸਪਤਾਲਾਂ ਦੇ ਹਜ਼ਾਰਾਂ ਰੈਜ਼ੀਡੈਂਟ ਡਾਕਟਰਾਂ ਨੇ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਅਤੇ NEET-PG ਕਾਉਂਸਲਿੰਗ ਜਲਦ ਤੋਂ ਜਲਦ ਕਰਵਾਉਣ ਲਈ ਸੜਕਾਂ 'ਤੇ ਉੱਤਰ ਆਏ ਹਨ। NEET PG ਕਾਊਂਸਲਿੰਗ 'ਚ ਦੇਰੀ ਕਾਰਨ ਦਿੱਲੀ ਦੇ ਰੈਜ਼ੀਡੈਂਟ ਡਾਕਟਰ ਹੜਤਾਲ 'ਤੇ ਹਨ। ਡਾਕਟਰਾਂ ਨੇ 27 ਦਸੰਬਰ ਨੂੰ ਦਿੱਲੀ ਦੀਆਂ ਸੜਕਾਂ 'ਤੇ ਪੈਦਲ ਮਾਰਚ ਕੱਢਿਆ। ਇਸ ਨੂੰ ਰੋਕਣ ਲਈ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ।
ਡਾਕਟਰਾਂ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 186, 353, 332, 148,147, 149, 279, 270 ਅਤੇ ਪ੍ਰਾਪਰਟੀ ਐਕਟ ਦੀ 3 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਨੇ ਪ੍ਰਦਰਸ਼ਨ ਕਾਰਨ ਸਾਰੀਆਂ ਸਿਹਤ ਸੰਸਥਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਪ੍ਰਦਰਸ਼ਨ ਨੂੰ ਲੈ ਕੇ ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਦਰਸ਼ਨ ਸ਼ਾਂਤੀਪੂਰਵਕ ਚੱਲ ਰਿਹਾ ਹੈ ਅਤੇ ਉਹ ਰੈਜ਼ੀਡੈਂਟ ਡਾਕਟਰਾਂ ਨਾਲ ਗੱਲਬਾਤ ਕਰ ਰਹੇ ਹਨ। ਪੁਲਿਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਗੌਰਵ ਸ਼ਰਮਾ ਨੇ ਕਿਹਾ, “ਸਫਦਰਜੰਗ ਹਸਪਤਾਲ ਦੇ ਪਰਿਸਰ ਵਿਚ ਹੀ ਪ੍ਰਦਰਸ਼ਨ ਸ਼ਾਂਤੀਪੂਰਵਕ ਚੱਲ ਰਿਹਾ ਹੈ।
ਪ੍ਰਦਰਸ਼ਨਕਾਰੀ ਡਾਕਟਰਾਂ ਨੇ ਸਫ਼ਦਰਜੰਗ ਹਸਪਤਾਲ ਤੋਂ ਸਿਹਤ ਮੰਤਰਾਲੇ ਦੇ ਦਫ਼ਤਰ ਵੱਲ ਮਾਰਚ ਸ਼ੁਰੂ ਕੀਤਾ ਸੀ, ਪਰ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਮਾਰਚ ਜਾਰੀ ਨਹੀਂ ਰੱਖਣ ਦਿੱਤਾ। ਡੀਸੀਪੀ ਨੇ ਅੱਗੇ ਦੱਸਿਆ ਕਿ ਦੱਖਣੀ ਪੱਛਮੀ ਜ਼ਿਲ੍ਹਾ ਪੁਲਿਸ ਨੇ ਸ਼ਾਂਤਮਈ ਢੰਗ ਨਾਲ ਆਪਣਾ ਧਰਨਾ ਜਾਰੀ ਰੱਖਿਆ। ਪ੍ਰਦਰਸ਼ਨ ਕਰ ਰਹੇ ਰੈਜ਼ੀਡੈਂਟ ਡਾਕਟਰ ਸ਼ਰਮਾ ਨੇ ਕਿਹਾ, “ਉਨ੍ਹਾਂ ਨੂੰ ਬਹੁਤ ਸ਼ਾਂਤਮਈ ਤਰੀਕੇ ਨਾਲ ਹਸਪਤਾਲ ਦੇ ਅੰਦਰ ਬੰਦ ਕੀਤਾ ਗਿਆ ਹੈ।” ਉਨ੍ਹਾਂ ਕਿਹਾ ਕਿ ਰੈਜ਼ੀਡੈਂਟ ਡਾਕਟਰ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ।
ਡਾਕਟਰ ਇਸ ਸਮੇਂ ਸਫਦਰਜੰਗ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਧਰਨਾ ਦੇ ਰਹੇ ਹਨ ਅਤੇ ਕੁਝ ਸਮੇਂ ਲਈ ਸਾਰੀਆਂ ਐਮਰਜੈਂਸੀ ਸੇਵਾਵਾਂ ਵਿੱਚ ਵਿਘਨ ਪਿਆ। ਇੱਥੋਂ ਤੱਕ ਕਿ ਰੋਹ ਵਿੱਚ ਆਏ ਡਾਕਟਰਾਂ ਨੇ ਐਂਬੂਲੈਂਸ ਸੇਵਾ ਵਿਚ ਵੀ ਬੰਦ ਕਰ ਦਿੱਤੀ। ਤਾਜ਼ਾ ਰਿਪੋਰਟਾਂ ਅਨੁਸਾਰ ਹਸਪਤਾਲ ਵਿਚ ਆਊਟਪੇਸ਼ੈਂਟ ਵਿਭਾਗ (ਓਪੀਡੀ) ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਹਨ ਅਤੇ ਸੀਨੀਅਰ ਡਾਕਟਰਾਂ ਨੇ ਮਰੀਜ਼ਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਰੈਜ਼ੀਡੈਂਟ ਡਾਕਟਰਾਂ ਨੇ ਸੁਪਰੀਮ ਕੋਰਟ ਦੇ ਖਿਲਾਫ਼ ਰੋਸ ਮਾਰਚ ਕੱਢਿਆ ਪਰ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ। ਡਾਕਟਰਾਂ ਨੂੰ ਆਪਣਾ ਮਾਰਚ ਜਾਰੀ ਰੱਖਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੇ ਰੋਸ ਦਰਜ ਕਰਾਉਣ ਲਈ ਆਪਣੇ ਐਪ੍ਰਨ ਸੜਕ 'ਤੇ ਸੁੱਟ ਦਿੱਤੇ। ਡਾਕਟਰਾਂ ਤੇ ਮਹਿਲਾ ਡਾਕਟਰਾਂ ਨੇ ਦੋਸ਼ ਲਾਇਆ ਕਿ ਚੋਟੀ ਦੀ ਅਦਾਲਤ ਵੱਲ ਮਾਰਚ ਦੌਰਾਨ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਨੂੰ ਘਸੀਟਿਆ ਗਿਆ।