ਕਾਂਗਰਸ ਦੇ ਸਥਾਪਨਾ ਦਿਵਸ ’ਤੇ ਖੜਗੇ ਨੇ ਕਿਹਾ: ਪਾਰਟੀ ਦਾ ਉਦੇਸ਼ ਲੋਕ ਭਲਾਈ, ਲੋਕਾਂ ਦੀ ਤਰੱਕੀ
ਕਾਂਗਰਸ ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਹਰ ਭਾਰਤੀ ਨੂੰ ਹਾਰਦਿਕ ਸ਼ੁਭਕਾਮਨਾਵਾਂ।’’
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਸੰਸਦੀ ਲੋਕਤੰਤਰ ਤੇ ਸਮਾਨਤਾ ’ਤੇ ਅਧਾਰਤ ਭਾਰਤ ਦੇ ਨਿਰਮਾਣ ਲਈ ਕੰਮ ਕੀਤਾ ਹੈ। ਅੱਜ ਕਾਂਗਰਸ ਦਾ 139ਵਾਂ ਸਥਾਪਨਾ ਦਿਵਸ ਹੈ ਅਤੇ ਇਸ ਦੇ ਨਾਲ ਹੀ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਨਾਗਪੁਰ ਵਿਚ ਇਕ ਵਿਸ਼ਾਲ ਰੈਲੀ ਨਾਲ ਪ੍ਰਚਾਰ ਦੀ ਸ਼ੁਰੂਆਤ ਕਰ ਰਹੀ ਹੈ।
ਖੜਗੇ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਪੋਸਟ ’ਚ ਕਿਹਾ ਕਿ ਜਿੱਥੇ ਬਿਨਾਂ ਭੇਦਭਾਵ ਦੇ ਸਾਰਿਆਂ ਲਈ ਬਰਾਬਰੀ ਅਤੇ ਮੌਕੇ ਹਨ ਅਤੇ ਜਿੱਥੇ ਸੰਵਿਧਾਨ ’ਚ ਦਰਜ ਰਾਜਨੀਤਕ, ਆਰਥਕ ਤੇ ਸਮਾਜਕ ਅਧਿਕਾਰਾਂ ਦਾ ਪਾਲਣ ਕੀਤਾ ਜਾਂਦਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ,‘‘ਸਾਨੂੰ ਮਾਣ ਹੈ ਕਿ ਪਿਛਲੇ 138 ਸਾਲਾਂ ਤੋਂ ਅਸੀਂ ਇਸ ਤਰ੍ਹਾਂ ਦੇ ਭਾਰਤ ਨਿਰਮਾਣ ਲਈ ਪੂਰੀ ਇਮਾਨਦਾਰੀ ਨਾਲ ਸੰਘਰਸ਼ ਕਰ ਰਹੇ ਹਾਂ।
ਕਾਂਗਰਸ ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਹਰ ਭਾਰਤੀ ਨੂੰ ਹਾਰਦਿਕ ਸ਼ੁਭਕਾਮਨਾਵਾਂ।’’ ਕਾਂਗਰਸ ਦੇ ਸਥਾਪਨਾ ਦਿਵਸ ਮੌਕੇ ਖੜਗੇ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਸੀਨੀਅਰ ਨੇਤਾਵਾਂ ਦੀ ਮੌਜੂਦਗੀ ’ਚ ਪਾਰਟੀ ਹੈੱਡਕੁਆਰਟਰ ’ਤੇ ਰਾਸ਼ਟਰੀ ਝੰਡਾ ਲਹਿਰਾਇਆ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਐਕਸ’ ’ਤੇ ਅਪਣੀ ਪੋਸਟ ’ਚ ਪਾਰਟੀ ਵਰਕਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਵਰਗੇ ਸੰਗਠਨ ਦਾ ਹਿੱਸਾ ਬਣਨ ’ਤੇ ਮਾਣ ਹੈ
ਜਿਸ ਦੀ ਨੀਂਹ ਸੱਚਾਈ ਅਤੇ ਅਹਿੰਸਾ ਹੈ ਅਤੇ ਜਿਸ ਦੇ ਥੰਮ੍ਹ ਪਿਆਰ, ਭਾਈਚਾਰਾ, ਸਤਿਕਾਰ ਤੇ ਬਰਾਬਰੀ ਅਤੇ ਦੇਸ਼ ਭਗਤੀ ਜਿਸ ਦੀ ਛੱਤ ਹੈ। ਕਾਂਗਰਸ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਸ਼ੁਰੂਆਤ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ’ਚ ‘ਹੈਂ ਤਿਆਰ ਹਮ’ ਰੈਲੀ ਨਾਲ ਕਰੇਗੀ।