ਪਾਕਿ ਦੀ ਇਕੋ-ਇਕ ਹਿੰਦੂ ਉਮੀਦਵਾਰ ਡਾ: ਸਵੇਰਾ ਪ੍ਰਕਾਸ਼ ਨੇ ਕਿਹਾ, ਪਾਕਿ ਨੂੰ ਮੋਦੀ ਵਰਗੇ ਨੇਤਾ ਦੀ ਲੋੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਪਣੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਪਾਕਿਸਤਾਨ ਵਿਚ ਮੋਦੀ ਵਰਗੇ ਨੇਤਾ ਦੀ ਲੋੜ ਬਾਰੇ ਬਿਆਨ ਦੇ ਕੇ ਅਪਣੀ ਜਾਨ ਖ਼ਤਰੇ ਵਿਚ ਪਾ ਦਿਤੀ ਹੈ।

Pakistan's only Hindu candidate Dr. Savera Prakash said, Pakistan needs a leader like Modi

ਇਸਲਾਮਾਬਾਦ : ਪਾਕਿਸਤਾਨ ਵਿਚ ਅਗਲੇ ਸਾਲ 8 ਫ਼ਰਵਰੀ ਨੂੰ ਆਮ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਪਾਕਿਸਤਾਨ ’ਚ ਸਿਆਸੀ ਗਰਮਾ-ਗਰਮੀ ਦੇਖਣ ਨੂੰ ਮਿਲ ਰਹੀ ਹੈ। ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਨੇ ਅਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿਤੇ ਹਨ। ਇਸ ਦੌਰਾਨ ਇਕ ਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਇਹ ਨਾਮ ਇਕ ਹਿੰਦੂ ਮਹਿਲਾ ਡਾਕਟਰ ਦਾ ਹੈ, ਜਿਸ ਦਾ ਨਾਮ ਡਾਕਟਰ ਸਵੇਰਾ ਪ੍ਰਕਾਸ਼ ਹੈ। ਅਪਣੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਪਾਕਿਸਤਾਨ ਵਿਚ ਮੋਦੀ ਵਰਗੇ ਨੇਤਾ ਦੀ ਲੋੜ ਬਾਰੇ ਬਿਆਨ ਦੇ ਕੇ ਅਪਣੀ ਜਾਨ ਖ਼ਤਰੇ ਵਿਚ ਪਾ ਦਿਤੀ ਹੈ।

ਡਾਕਟਰ ਸਵੇਰਾ ਪ੍ਰਕਾਸ਼ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਦੀ ਬੁਨੇਰ ਸੀਟ ਤੋਂ ਚੋਣ ਲੜ ਰਹੀ ਹੈ। ਸਵੇਰਾ ਪ੍ਰਕਾਸ਼ ਪਾਕਿਸਤਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੀ ਹੈ। ਹਾਲਾਂਕਿ ਇਹ ਚੋਣ ਉਨ੍ਹਾਂ ਲਈ ਬਿਲਕੁਲ ਵੀ ਆਸਾਨ ਨਹੀਂ ਹੈ। ਉਹ ਚੋਣਾਂ ਦੌਰਾਨ ਆਈਆਂ ਮੁਸ਼ਕਲਾਂ ਬਾਰੇ ਖੁਲ੍ਹ ਕੇ ਗੱਲ ਕਰਦੀ ਹੈ ਅਤੇ ਕਹਿੰਦੀ ਹੈ ਕਿ ਚੋਣਾਂ ਲੜਨ ਨਾਲ ਉਸ ਦੀ ਜਾਨ ਨੂੰ ਖ਼ਤਰਾ ਹੈ।

25 ਸਾਲਾ ਡਾਕਟਰ ਸਵੇਰਾ ਪ੍ਰਕਾਸ਼ ਨੇ ਕਿਹਾ ਕਿ 76 ਸਾਲਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਹਿੰਦੂ ਔਰਤ ਨੇ ਚੋਣ ਲੜੀ ਹੈ। ਪਰ ਮੈਨੂੰ ਜਨਤਾ ਦਾ ਪੂਰਾ ਸਹਿਯੋਗ ਅਤੇ ਆਸ਼ੀਰਵਾਦ ਮਿਲ ਰਿਹਾ ਹੈ। ਘੱਟ ਗਿਣਤੀ ਹੋਣ ਦੇ ਬਾਵਜੂਦ ਮੈਨੂੰ ਕਾਫੀ ਸਮਰਥਨ ਮਿਲ ਰਿਹਾ ਹੈ। ਇਥੇ ਲੋਕਾਂ ਨੇ ਮੈਨੂੰ ਡਾਟਰ ਆਫ਼ ਬੁਨੇਰ ਦਾ ਖ਼ਿਤਾਬ ਦਿਤਾ ਹੈ, ਜੋ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਖ਼ੁਦ ਵਿਸ਼ਵਾਸ ਨਹੀਂ ਕਰ ਸਕਦਾ ਕਿ ਮੈਨੂੰ ਇੰਨਾ ਪਿਆਰ ਮਿਲ ਰਿਹਾ ਹੈ।

ਸਵੇਰਾ ਅੱਗੇ ਕਹਿੰਦੀ ਹੈ ਕਿ ਪਾਕਿਸਤਾਨ ਵਿਚ ਕੋਈ ਵੀ ਘੱਟ ਗਿਣਤੀ ਔਰਤਾਂ ਅੱਗੇ ਨਹੀਂ ਆ ਰਹੀਆਂ ਸਨ, ਇਸ ਲਈ ਇਹ ਮੇਰੇ ਲਈ ਇਕ ਬਹੁਤ ਹੀ ਦਲੇਰੀ ਵਾਲਾ ਕੰਮ ਸੀ, ਜੋ ਮੈਂ ਕੀਤਾ। ਜਿੱਤਣਾ ਜਾਂ ਹਾਰਨਾ ਵਖਰੀ ਗੱਲ ਹੈ ਪਰ ਮੇਰੇ ਚੋਣ ਲੜਨ ਤੋਂ ਬਾਅਦ ਘੱਟ ਗਿਣਤੀ ਔਰਤਾਂ ਦਾ ਹੌਸਲਾ ਵਧੇਗਾ। ਡਾ: ਸਵੇਰਾ ਦਾ ਕਹਿਣਾ ਹੈ ਕਿ ਮੈਂ ਇਕ ਮੱਧ ਵਰਗੀ ਪਰਵਾਰ ਨਾਲ ਸਬੰਧ ਰਖਦੀ ਹਾਂ ਅਤੇ ਚੋਣਾਂ ਜਿੱਤਣ ਤੋਂ ਬਾਅਦ ਘੱਟ ਗਿਣਤੀ ਦੇ ਮੁੱਦਿਆਂ ’ਤੇ ਕੰਮ ਕਰਾਂਗੀ ਤੇ ਸਾਨੂੰ ਸੰਵਿਧਾਨਕ ਅਧਿਕਾਰਾਂ ਦੇ ਅਰਥ ਸਮਝਣ ਦੀ ਲੋੜ ਹੈ।

ਪਾਕਿਸਤਾਨ ਦੀ ਪਹਿਲੀ ਹਿੰਦੂ ਮਹਿਲਾ ਉਮੀਦਵਾਰ ਨੇ ਕਿਹਾ ਕਿ ਪਾਕਿਸਤਾਨ ਨੂੰ ਵੀ ਮੋਦੀ ਵਰਗੇ ਨੇਤਾ ਦੀ ਲੋੜ ਹੈ। ਅੱਜ ਦੇ ਦੌਰ ’ਚ ਪਾਕਿਸਤਾਨ ’ਚ ਅਸਥਿਰਤਾ ਹੈ, ਆਰਥਿਕਤਾ ਵੀ ਕਮਜ਼ੋਰ ਹੋ ਗਈ ਹੈ, ਇਸ ਲਈ ਇਥੇ ਸਥਿਰਤਾ ਦੀ ਲੋੜ ਹੈ। ਮੋਦੀ ਵਰਗਾ ਨੇਤਾ ਹੀ ਪਾਕਿਸਤਾਨ ਨੂੰ ਪਾਰ ਲਗਾ ਸਕਦਾ ਹੈ। ਮੋਦੀ ਨੇ ਪਿਛਲੇ 9 ਸਾਲਾਂ ’ਚ ਭਾਰਤ ’ਚ ਉਹ ਕਰ ਦਿਖਾਇਆ ਹੈ, ਜਿਸ ਬਾਰੇ ਅਸੀਂ ਪਾਕਿਸਤਾਨ ’ਚ ਸੋਚ ਵੀ ਨਹੀਂ ਸਕਦੇ।