Indian Army ਨੇ ਜੰਮੂ-ਕਸ਼ਮੀਰ ’ਚ ਜੈਸ਼ ਕਮਾਂਡਰ ਤੇ ਉਸ ਦੇ ਸਹਿਯੋਗੀਆਂ ਨੂੰ ਫੜਨ ਲਈ ਮੁਹਿੰਮ ਦੀ ਕੀਤੀ ਸ਼ੁਰੂ
ਕਿਸ਼ਤਵਾੜ ਦੀਆਂ ਪਹਾੜੀਆਂ ’ਚ ਲੁਕੇ ਹੋਏ ਹਨ 2 ਅੱਤਵਾਦੀ
ਨਵੀਂ ਦਿੱਲੀ : ਭਾਰਤੀ ਫੌਜ ਪਿਛਲੇ ਇੱਕ ਹਫ਼ਤੇ ਤੋਂ ਜੰਮੂ-ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਫੜਨ ਲਈ ਮੁਹਿੰਮ ਚਲਾ ਰਹੀ ਹੈ, ਜਿਨ੍ਹਾਂ ਵਿੱਚ ਸਥਾਨਕ ਕਮਾਂਡਰ ਸੈਫੁੱਲ੍ਹਾ, ਉਸ ਦਾ ਸਹਿਯੋਗੀ ਆਦਿਲ ਅਤੇ ਹੋਰ ਸ਼ਾਮਲ ਹਨ । ਸੂਤਰਾਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਕਿਸ਼ਤਵਾੜ ਦੀਆਂ ਪਹਾੜੀਆਂ ਵਿੱਚ ਲੁਕੇ ਹੋਏ ਹਨ।
ਦੋਵੇਂ ਅੱਤਵਾਦੀਆਂ ਉੱਤੇ 5 ਲੱਖ ਰੁਪਏ ਦਾ ਇਨਾਮ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਡੋਡਾ ਦੀਆਂ ਪਹਾੜੀਆਂ ਵਿੱਚ ਅੱਤਵਾਦੀਆਂ ਨੂੰ ਖਤਮ ਕਰਨਾ ਵੀ ਹੈ।
ਫੌਜ ਨੇ ਕਿਸ਼ਤਵਾੜ ਦੇ ਚਤਰੂ ਉਪਮੰਡਲ ਦੇ ਪਿੰਡਾਂ ਤੋਂ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਇਲਾਕੇ ਦੀ ਤਲਾਸ਼ੀ ਲਈ ਅਤੇ ਡੂੰਘੀ ਛਾਣਬੀਣ ਕੀਤੀ। ਜ਼ਿਲ੍ਹਾ ਮੁੱਖ ਦਫ਼ਤਰ ਤੋਂ 35 ਕਿਲੋਮੀਟਰ ਦੂਰ ਕਿਸ਼ਤਵਾੜ ਦੇ ਕੇਸ਼ਵਨ ਵਿੱਚ ਵੀ ਇੱਕ ਹੋਰ ਮੁਹਿੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਫੌਜ ਡੋਡਾ ਦੇ ਸਿਯੋਜਧਾਰ ਵਿੱਚ ਵੀ ਤਲਾਸ਼ੀ ਅਭਿਆਨ ਚਲਾ ਰਹੀ ਹੈ। ਚਤਰੂ ਉਪਮੰਡਲ ਵਿੱਚ ਫੌਜ ਦੀ ਮੁਹਿੰਮ ਪਿਛਲੇ ਇੱਕ ਹਫ਼ਤੇ ਤੋਂ ਜਾਰੀ ਹੈ, ਜਦਕਿ ਕੇਸ਼ਵਨ ਵਿੱਚ ਫੌਜ ਨੇ ਅੱਜ ਅਭਿਆਨ ਸ਼ੁਰੂ ਕੀਤਾ ਹੈ। ਇਹ ਅਭਿਆਨ ਅੱਜ ਐਤਵਾਰ ਨੂੰ ਵੀ ਜਾਰੀ ਰਹੇਗਾ। ਆਪਣੇ ਇਲਾਕੇ ਨਾਲ ਚੰਗੀ ਤਰ੍ਹਾਂ ਵਾਕਿਫ਼ ਕਈ ਪਿੰਡ ਵਾਸੀ ਅੱਤਵਾਦੀਆਂ ਦਾ ਪਤਾ ਲੱਭਣ ਵਿੱਚ ਫੌਜ ਦੀ ਮਦਦ ਲਈ ਅੱਗੇ ਆਏ ਹਨ। ਤਲਾਸ਼ੀ ਅਭਿਆਨ ਵਿੱਚ 2,000 ਤੋਂ ਵੱਧ ਸੈਨਿਕ ਤਾਇਨਾਤ ਹਨ।
ਕਿਸ਼ਤਵਾੜ ਦੇ ਪੈਡਰ ਉਪਮੰਡਲ ਵਿੱਚ ਇੱਕ ਵੱਖਰਾ ਅਭਿਆਨ ਚਲਾਇਆ ਗਿਆ ਹੈ, ਜੋ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਕਮਾਂਡਰ ਜਹਾਂਗੀਰ ਸਰੂਰੀ ਅਤੇ ਮੁਦੱਸਿਰ ਅਤੇ ਰਿਆਜ਼ ਨਾਮਕ ਦੋ ਹੋਰ ਸਥਾਨਕ ਅੱਤਵਾਦੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿਨ੍ਹਾਂ ਉੱਤੇ 10 ਲੱਖ ਰੁਪਏ ਦਾ ਇਨਾਮ ਹੈ।