ਪੂਰੇ ਉੱਤਰ ਭਾਰਤ ‘ਚ ਕੜਾਕੇ ਦੀ ਠੰਡ ਦਾ ਦੌਰ ਜਾਰੀ, ਪਹਾੜਾਂ ‘ਤੇ ਬਰਫ਼ਬਾਰੀ ਦਾ ਅਲਰਟ
ਦੇਸ਼ ਦੇ ਪਹਾੜੀ ਰਾਜਾਂ ਵਿਚ ਹੋ ਰਹੀ ਬਰਫ਼ਬਾਰੀ ਦੀ ਵਜ੍ਹਾ ਨਾਲ ਦਿੱਲੀ ਸਮੇਤ ਪੂਰੇ...
ਨਵੀਂ ਦਿੱਲੀ : ਦੇਸ਼ ਦੇ ਪਹਾੜੀ ਰਾਜਾਂ ਵਿਚ ਹੋ ਰਹੀ ਬਰਫ਼ਬਾਰੀ ਦੀ ਵਜ੍ਹਾ ਨਾਲ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿਚ ਕੜਾਕੇ ਦੀ ਸਰਦੀ ਦਾ ਦੌਰ ਜਾਰੀ ਹੈ। ਕਸ਼ਮੀਰ ਤੋਂ ਲੈ ਕੇ ਉਤਰਾਖੰਡ ਅਤੇ ਹਿਮਾਚਲ ਦੇ ਸ਼ਹਿਰ-ਸ਼ਹਿਰ ਬਰਫ਼ ਵਾਲੇ ਬਣੇ ਹੋਏ ਹਨ। ਪਹਾੜਾਂ ਉਤੇ ਇੰਨੀ ਬਰਫ਼ ਡਿੱਗੀ ਕਿ ਉਸ ਦੀ ਵਜ੍ਹਾ ਨਾਲ ਕਸ਼ਮੀਰ ਦੇ ਦਰਾਸ ਵਿਚ ਤਾਪਮਾਨ ਮਾਇਨਸ 31 ਡਿਗਰੀ ਨੂੰ ਪਾਰ ਕਰ ਗਿਆ। ਕਸ਼ਮੀਰ ਤੋਂ ਇਲਾਵਾ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦਾ ਵੀ ਕੁੱਝ ਅਜਿਹਾ ਹੀ ਹਾਲ ਹੈ। ਹਿਮਾਚਲ ਵਿਚ ਰੁਕ-ਰੁਕ ਕੇ ਬਰਫ਼ਬਾਰੀ ਹੋ ਰਹੀ ਸੀ ਕਿ ਇਸ ਵਿਚ ਮੌਸਮ ਵਿਭਾਗ ਨੇ ਭਾਰੀ ਬਰਫ਼ਬਾਰੀ ਦਾ ਅਲਰਟ ਜਾਰੀ ਕਰ ਦਿਤਾ ਹੈ।
ਸ਼ਿਮਲਾ ਤੋਂ ਮਨਾਲੀ ਤੱਕ ਸ਼੍ਰੀਨਗਰ ਤੋਂ ਕੇਦਾਰਨਾਥ ਤੱਕ ਅਸਮਾਨ ਤੋਂ ਇੰਨੀ ਬਰਫ਼ ਡਿੱਗੀ ਕਿ ਸਾਰੇ ਰਿਕਾਰਡ ਟੁੱਟ ਗਏ। ਪਹਾੜਾਂ ਨੂੰ ਛੱਡੀਏ ਇਸ ਵਾਰ ਤਾਂ ਰੇਗੀਸਤਾਨ ਕਹੇ ਜਾਣ ਵਾਲੇ ਰਾਜਸਥਾਨ ਦੇ ਕਈ ਇਲਾਕੀਆਂ ਵਿਚ ਵੀ ਅਸਮਾਨ ਤੋਂ ਸਫੇਦ ਬਰਫ਼ ਡਿੱਗੀ। ਬਰਫ਼ਬਾਰੀ ਨਾਲ ਸਭ ਤੋਂ ਭੈੜਾ ਹਾਲ ਕਸ਼ਮੀਰ ਦਾ ਹੈ। ਪਿਛਲੇ ਇਕ ਮਹੀਨੇ ਵਿਚ ਕਸ਼ਮੀਰ ‘ਚ ਇੰਨੀ ਬਰਫ਼ਬਾਰੀ ਹੋਈ ਹੈ ਕਿ ਕਸ਼ਮੀਰ ਦੇ ਦਰਾਸ ਵਿਚ ਤਾਪਮਾਨ ਮਾਇਨਸ 31 ਡਿਗਰੀ ਨੂੰ ਵੀ ਪਾਰ ਕਰ ਗਿਆ। ਸਿਰਫ ਦਰਾਸ ਹੀ ਨਹੀਂ ਕਸ਼ਮੀਰ ਦੇ ਹਰ ਜ਼ਿਲ੍ਹੇ, ਸ਼ਹਿਰ, ਪਿੰਡ ਅਤੇ ਗਲੀ ਮੁਹੱਲੇ ਤੱਕ ਬਰਫ਼ ਨੇ ਲੋਕਾਂ ਦੀ ਜਿੰਦਗੀ ਮੁਸ਼ਕਲ ਵਿਚ ਪਾ ਦਿਤੀ ਹੈ।
ਬਰਫ਼ ਦੀ ਹੈਰਾਨ ਕਰਨ ਵਾਲੀ ਤਸਵੀਰ ਗੁਲਮਰਗ ਤੋਂ ਵੀ ਆਈ ਹੈ ਜਿਥੇ ਮਾਇਨਸ 12 ਡਿਗਰੀ ਦੇ ਤਾਪਮਾਨ ਵਿਚ ਹਰ ਇਕ ਚੀਜ ਬਰਫ਼ ਬਣ ਚੁੱਕੀ ਹੈ। ਨਦੀਆਂ ਨਾਲੇ ਤਾਂ ਛੱਡੋ ਇਥੇ ਪੀਣ ਦਾ ਪਾਣੀ ਤੱਕ ਬਰਫ਼ ਬਣ ਚੁੱਕਿਆ ਹੈ। ਗੁਲਮਰਗ ਦੀਆਂ ਸੜਕਾਂ ਉਤੇ 10 ਫੁੱਟ ਤੱਕ ਬਰਫ਼ ਜਮੀ ਹੋਈ ਹੈ ਤਾਂ ਕਈ ਘਰ ਅਤੇ ਹੋਟਲ ਤਾਂ ਬਰਫ਼ ਵਿਚ ਚਾਰੇ ਪਾਸਿਆਂ ਤੋਂ ਦਬੇ ਹੋਏ ਹਨ। ਉਥੇ ਹੀ ਮੌਸਮ ਵਿਭਾਗ ਨੇ ਇਕ ਵਾਰ ਫਿਰ ਭਾਰੀ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਦੇ ਮੁਤਾਬਕ ਸ਼ਿਮਲਾ, ਚੰਬਾ, ਕਿੰਨੌਰ, ਕੁੱਲੂ - ਮਨਾਲੀ, ਲਾਹੌਲ ਸਪੀਤੀ, ਕਾਂਗੜਾ ਅਤੇ ਮੰਡੀ ਵਿਚ 30 ਜਨਵਰੀ ਤੋਂ ਲੈ ਕੇ 1 ਫਰਵਰੀ ਤੱਕ ਭਾਰੀ ਬਰਫ਼ਬਾਰੀ ਹੋਵੇਗੀ।