ਸਾਵਰਕਰ ਨੂੰ ਭਾਰਤ ਰਤਨ ਨਾ ਦੇਣ ਕਾਰਨ ਮੋਦੀ ਸਰਕਾਰ 'ਤੇ ਭੜਕੀ ਸ਼ਿਵ ਸੈਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਨੇ ਕਿਹਾ ਹੈ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ  ਦੇ ਪ੍ਰਤੀਕ ਵੀਰ ਸਾਵਰਕਰ ਨੂੰ 'ਮੋਦੀ ਯੁਗ' 'ਚ ਵੀ ਨਜ਼ਰਅੰਦਾਜ਼ ਕੀਤਾ ਗਿਆ.......

Narendra Modi

ਮੁੰਬਈ : ਸ਼ਿਵ ਸੈਨਾ ਨੇ ਕਿਹਾ ਹੈ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ  ਦੇ ਪ੍ਰਤੀਕ ਵੀਰ ਸਾਵਰਕਰ ਨੂੰ 'ਮੋਦੀ ਯੁਗ' 'ਚ ਵੀ ਨਜ਼ਰਅੰਦਾਜ਼ ਕੀਤਾ ਗਿਆ ਅਤੇ ਭਾਰਤ ਰਤਨ ਨਾਲ ਸਨਮਾਨਤ ਨਹੀਂ ਕੀਤਾ ਗਿਆ। ਪਾਰਟੀ ਨੇ ਕਿਹਾ ਹੈ ਕਿ ਮਹਾਨ ਕਲਾਕਾਰ ਸਵ. ਭੂਪੇਨ ਹਜ਼ਾਰਿਕਾ ਨੂੰ ਸਰਵਉੱਚ ਨਾਗਰਿਕ ਸਨਮਾਨ ਵੀ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਦਿਤਾ ਗਿਆ ਹੈ ਜੋ ਕਿ ਗ਼ਲਤ ਹੈ। ਕੇਂਦਰ ਅਤੇ ਮਹਾਂਰਾਸ਼ਟਰ ਵਿਚ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਲੰਮੇ ਸਮੇਂ ਤੋਂ ਵਿਨਾਇਕ ਦਾਮੋਦਰ ਸਾਵਰਕਰ ਲਈ ਭਾਰਤ ਰਤਨ ਦੀ ਮੰਗ ਕਰਦੀ ਆ ਰਹੀ ਹੈ।

ਸਾਵਰਕਰ ਨੂੰ ਅੰਗਰੇਜ਼ਾਂ ਨੇ ਉਮਰਕੈਦ ਦੀ ਸਜ਼ਾ ਦਿਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਅੰਡੇਮਾਨ ਦੀ ਸੈਲੂਲਰ ਜੇਲ ਵਿਚ ਬੀਤਿਆ। ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੈ ਰਾਉਤ ਨੇ ਕੁੱਝ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਸਾਵਰਕਰ ਨੂੰ ਭਾਰਤ ਰਤਨ ਨਾਲ ਸਨਮਾਨਤ ਕੀਤਾ ਜਾਵੇ ਤਾਂ ਜੋ ਪਿਛਲੀਆਂ ਸਰਕਾਰਾਂ ਦੀਆਂ ਗ਼ਲਤੀਆਂ ਨੂੰ ਸੁਧਾਰਿਆ ਜਾ ਸਕੇ, ਜਿਨ੍ਹਾਂ ਨੇ ਕੱਟੜ ਹਿੰਦੂਵਾਦੀ ਵਿਚਾਰਾਂ ਦੇ ਚਲਦਿਆਂ ਉਨ੍ਹਾਂ ਨੂੰ ਜਾਣਬੁਝ ਕੇ ਨਜ਼ਰਅੰਦਾਜ਼ ਕੀਤਾ ਸੀ। 

ਪਾਰਟੀ ਦੇ ਅਖ਼ਬਾਰ 'ਸਾਮਨਾ' ਵਿਚ ਕਿਹਾ ਕਿ ਕਾਂਗਰਸ ਨੇ ਅਪਣੇ ਕਾਰਜਕਾਲ ਵਿਚ ਸਾਵਰਕਰ ਦਾ ਅਪਮਾਨ ਕੀਤਾ। ਪਰ ਮੋਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਕੀ ਕੀਤਾ? ਭਾਜਪਾ ਨੇ ਵਿਰੋਧੀ ਧਿਰ ਹੁੰਦਿਆਂ ਉਦੋਂ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਸੀ, ਪਰ ਨਾ ਤਾਂ ਰਾਮ ਮੰਦਰ ਬਣਿਆ ਅਤੇ ਨਾ ਹੀ ਸਾਵਰਕਰ ਨੂੰ ਭਾਰਤ ਰਤਨ ਮਿਲਿਆ। ਪਾਰਟੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ 'ਮੋਦੀ ਕਾਲ'  ਵਿਚ ਵੀ ਸਾਵਰਕਰ ਨੂੰ ਭਾਰਤ ਰਤਨ ਨਹੀਂ ਦਿਤਾ ਜਾ ਰਿਹਾ। ਸ਼ਿਵ ਸੈਨਾ ਨੇ ਯਾਦ ਕਰਵਾਇਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਿਛਲੇ ਮਹੀਨੇ ਅੰਡੇਮਾਨ ਗਏ ਸਨ

ਅਤੇ ਉਸ ਜੇਲ ਦਾ ਵੀ ਦੌਰਾ ਕੀਤਾ ਸੀ ਜਿਥੇ ਕਦੀ ਸਾਵਰਕਰ ਕੈਦ ਰਹੇ ਸਨ। ਤੰਜ਼ ਕਸਦੇ ਹੋਏ ਪਾਰਟੀ ਨੇ ਕਿਹਾ ਮੋਦੀ ਕੁੱਝ ਚਿੰਤਨ ਵੀ ਕਰ ਰਹੇ ਸਨ ਪਰ ਸੱਭ ਕੁੱਝ ਲਹਿਰਾਂ ਨਾਲ ਹੀ ਵਹਿ ਗਿਆ। ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਦਿਤੇ ਜਾਣ 'ਤੇ ਅਪਣੀ ਪਿੱਠ ਥਾਪੜਦੇ ਹੋਏ ਸ਼ਿਵ ਸੈਨਾ ਨੇ ਕਿਹਾ ਕਿ ਭਾਜਪਾ ਦੇ ਵਿਰੋਧ ਦੇ ਬਾਵਜੂਦਾ ਉਸ ਨੇ ਰਾਸ਼ਟਰਪਤੀ ਅਹੁਦੇ ਲਈ ਮੁਖਰਜੀ ਦੀ ਦਾਵੇਦਾਰੀ ਦਾ ਸਮਰਥਨ ਕੀਤਾ ਸੀ।  (ਪੀਟੀਆਈ)