ਜੇ ਰਾਹੁਲ ਗਾਂਧੀ ਬੇਰੁਜ਼ਗਾਰ ਹਨ ਤਾਂ ਭਾਜਪਾ ਵਿਚ ਆਉਣ, ਅਸੀਂ ਉਹਨਾਂ ਨੂੰ ਕੰਮ ਦੇਵਾਂਗੇ-ਭਾਜਪਾ ਆਗੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੋਰਿਆ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਭਾਜਪਾ ਵਿਚ ਆਉਣ ਦਾ ਆਫਰ ਦਿੱਤਾ ਹੈ।

Photo

ਵਾਰਾਣਸੀ: ਉੱਤਰ ਪ੍ਰਦੇਸ਼ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੋਰਿਆ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਭਾਜਪਾ ਵਿਚ ਆਉਣ ਦਾ ਆਫਰ ਦਿੱਤਾ ਹੈ। ਰਾਹੁਲ ਗਾਂਧੀ ਵੱਲੋਂ ਦੇਸ਼ ਵਿਚ ਵਧ ਰਹੀ ਬੇਰੁਜ਼ਗਾਰੀ ‘ਤੇ ਪੁੱਛੇ ਗਏ ਸਵਾਲ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਸ਼ਵ ਪ੍ਰਸਾਦ ਮੋਰਿਆ ਨੇ ਕਿਹਾ, ‘ਰਾਹੁਲ ਗਾਂਧੀ ਜੇਕਰ ਬੇਰੁਜ਼ਗਾਰ ਹਨ ਤਾਂ ਉਹ ਆਉਣ, ਅਸੀਂ ਉਹਨਾਂ ਨੂੰ ਭਾਜਪਾ ਵਿਚ ਕੰਮ ਦੇਵਾਂਗੇ’।

ਯੂਪੀ ਦੇ ਡਿਪਟੀ ਸੀਐਮ ਨੇ ਅੱਗੇ ਕਿਹਾ ਕਿ ਜੋ ਗੰਗਾ ਯਾਤਰਾ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ ਉਹ ਖੁਦ ਸਵਾਲਾਂ ਦੇ ਘੇਰੇ ਵਿਚ ਹਨ। ਉਹਨਾਂ ਨੇ ਕਿਹਾ ਕਿ ਸ਼ਾਹੀਨ ਬਾਗ ਦੇ ਸਮਰਥਨ ਵਿਚ ਜੋ ਖੜ੍ਹੇ ਹਨ, ਉਹਨਾਂ ਨੂੰ ਜਨਤਾ ਜਵਾਬ ਦੇਵੇਗੀ। ਇਸ ਤੋਂ ਪਹਿਲਾਂ ਪ੍ਰਯਾਗਰਾਜ ਪਹੁੰਚੇ ਕੇਸ਼ਵ ਮੋਰਿਆ ਨੇ ਨਾਗਰਿਕਤਾ ਕਾਨੂੰਨ ਖਿਲਾਫ ਹੋ ਰਹੇ ਪ੍ਰਦਰਸ਼ਨਾਂ ‘ਤੇ ਪ੍ਰਕਿਰਿਆ ਦਿੰਦੇ ਕਿਹਾ ਕਿ ਇਹਨਾਂ ਹਿੰਸਕ ਪ੍ਰਦਰਸ਼ਨਾਂ ਪਿੱਛੇ ਸਾਫ ਤੌਰ ‘ਤੇ ਪਾਪੁਲਰ ਫਰੰਟ ਆਫ ਇੰਡੀਆ ਦਾ ਹੀ ਹੱਥ ਹੈ।

ਕੇਸ਼ਵ ਪ੍ਰਸਾਦ ਮੋਰਿਆ ਨੇ ਕਿਹਾ ਹੈ ਕਿ ਈਡੀ ਦੀ ਜਾਂਚ ਵਿਚ ਪੀਐਫਆਈ ਖਿਲਾਫ ਬੇਹੱਦ ਗੰਭੀਰ ਤੱਥ ਸਾਹਮਣੇ ਆਏ ਹਨ। ਉਹਨਾਂ ਨੇ ਸਪਾ, ਬਸਪਾ ਅਤੇ ਕਾਂਗਰਸ ‘ਤੇ ਵੀ ਮੁਸਲਿਮ ਵੋਟਾਂ ਦੇ ਧਰੁਵੀਕਰਨ ਲਈ ਲੋਕਾਂ ਨੂੰ ਭੜਕਾਉਣ ਦਾ ਇਲਜ਼ਾਮ ਲਗਾਇਆ ਹੈ। ਡਿਪਟੀ ਸੀਐਮ ਨੇ ਕਿਹਾ ਕਿ ਪਾਪੁਲਰ ਫਰੰਟ ਆਫ ਇੰਡੀਆ ਅਤਿਵਾਦੀ ਸੰਗਠਨ ਸਿਮੀ ਦਾ ਹੀ ਬਦਲਿਆ ਹੋਇਆ ਰੂਪ ਹੈ।

ਉਹਨਾਂ ਨੇ ਕਿਹਾ ਕਿ ਸਿਮੀ ‘ਤੇ ਪਾਬੰਧੀ ਲਗਾਏ ਜਾਣ ਤੋਂ ਬਾਅਦ ਪਾਪੁਲਰ ਫਰੰਟ ਆਫ ਇੰਡੀਆ ਦੇ ਨਾਂਅ ਨਾਲ ਇਹ ਸੰਗਠਨ ਦੇਸ਼ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਹੈ। ਉਹਨਾਂ ਕਿਹਾ ਕਿ ਉਮੀਦ ਹੈ ਕਿ ਈਡੀ ਦੀ ਰਿਪੋਰਟ ਤੋਂ ਬਾਅਦ ਪਾਪੁਲਰ ਫਰੰਟ ਆਫ ਇੰਡੀਆ ‘ਤੇ ਯੂਪੀ ਸਰਕਾਰ ਦੀ ਪਾਬੰਧੀ ਲਗਾਉਣ ਦੀ ਸਿਫਾਰਿਸ਼ ਨੂੰ ਕੇਂਦਰ ਸਰਕਾਰ ਜਲਦ ਮਨਜ਼ੂਰੀ ਦੇਵੇਗੀ।

ਉੱਥੇ ਹੀ ਪਾਪੁਲਰ ਫਰੰਟ ਆਫ ਇੰਡੀਆ ਵੱਲੋਂ ਸਰਕਾਰ ਖਿਲਾਫ ਹਾਈਕੋਰਟ ਵਿਚ ਦਾਖਲ ਕੀਤੀ ਅਰਜੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਦਾਲਤ ਜਾਣਾ ਹਰ ਵਿਅਕਤੀ ਦਾ ਸੰਵਿਧਾਨਕ ਅਧਿਕਾਰ ਹੈ। ਉਹਨਾਂ ਕਿਹਾ ਕਿ ਦਿੱਲੀ ਸਮੇਤ ਯੂਪੀ ਦੇ ਕਈ ਸ਼ਹਿਰਾਂ ਵਿਚ ਨਾਗਰਿਕਤਾ ਕਾਨੂੰਨ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਇਹ ਪ੍ਰਦਰਸ਼ਨ ਆਮ ਨਾਗਰਿਕ ਨਹੀਂ ਬਲਕਿ ਕਿਰਾਏ ‘ਤੇ ਲਿਆਂਦੇ ਗਏ ਲੋਕ ਕਰ ਰਹੇ ਹਨ।