ਟਿੱਡੀ ਦਲ ਦੀ ਆਮਦ ਰੋਕਣ ਲਈ ਕਦਮ ਚੁੱਕੇ ਪਾਕਿ ਖੇਤੀ 'ਵਰਸਿਟੀ, PAU ਵੀਸੀ ਨੇ ਲਿਖਿਆ ਪੱਤਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਟਿੱਡੀ ਦਲ 'ਤੇ ਕਾਬੂ ਪਾਉਣ ਲਈ ਮਦਦ ਦਾ ਦਿਤਾ ਭਰੋਸਾ

file photo

ਲੁਧਿਆਣਾ : ਰਾਜਸਥਾਨ ਤੋਂ ਬਾਅਦ ਟਿੱਡੀ ਦੀ ਪੰਜਾਬ ਵਿਚ ਆਮਦ ਨੇ ਕਿਸਾਨਾਂ ਦੀ ਚਿੰਤਾ ਵਧਾ ਦਿਤੀ ਹੈ।  ਹੁਣ ਪਾਕਿਤਾਨ ਵਾਲੇ ਪਾਸਿਓਂ ਵੀ ਟਿੱਡੀ ਦਲ ਦੀ ਆਮਦ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਮਸਲੇ 'ਤੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵੀ ਅਪਣੀਆਂ ਸਰਗਰਮੀਆਂ ਵਧਾ ਦਿਤੀਆਂ ਹਨ। ਪੀਏਯੂ ਦੇ ਵਾਇਸ ਚਾਂਸਲਰ ਡਾ. ਬਲਦੇਵ ਸਿੰਘ ਢਿਲੋਂ ਨੇ ਪਾਕਿਸਤਾਨ ਦੇ ਸ਼ਹਿਰ ਫ਼ੈਸਲਾਬਾਦ ਸਥਿਤ ਖੇਤੀਬਾੜੀ ਯੂਨੀਵਰਸਿਟੀ ਵੱਲ ਪੱਤਰ ਲਿਖ ਕੇ ਟਿੱਡੀ ਦਲ ਖਿਲਾਫ਼ ਮੁਹਿੰਮ ਛੇੜਣ ਦੀ ਬੇਨਤੀ ਕੀਤੀ ਹੈ।

ਅਪਣੇ ਪੱਤਰ 'ਚ ਡਾ. ਢਿੱਲੋਂ ਨੇ ਕਿਹਾ ਹੈ ਕਿ ਉਹ ਅਪਣੇ ਪੱਧਰ 'ਤੇ ਟਿੱਡੀ ਦਲਾਂ ਦੀ ਭਾਰਤ 'ਚ ਘੁਸਪੈਠ ਰੋਕਣ ਲਈ ਤੁਰੰਤ ਕਦਮ ਚੁੱਕਣ ਕਿਉਂਕਿ ਪਾਕਿਸਤਾਨੀ ਟਿੱਡੀ ਦਲ ਹੁਣ ਤਕ ਭਾਰਤੀ ਸੂਬਿਆਂ ਰਾਜਸਥਾਨ, ਗੁਜਰਾਤ ਤੇ ਹਰਿਆਣਾ 'ਚ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕਰ ਚੁੱਕੇ ਹਨ। ਡਾ. ਬਲਦੇਵ ਸਿੰਘ ਢਿੱਲੋਂ ਨੇ ਪਾਕਿਸਤਾਨੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਮੁਹੰਮਦ ਅਸ਼ਰਫ਼ ਨੂੰ ਚਿੱਠੀ ਲਿਖੀ ਹੈ।

ਚਿੱਠੀ ਵਿਚ ਡਾ. ਢਿੱਲੋਂ ਨੇ ਕਿਹਾ ਹੈ ਕਿ ਜੇ ਟਿੱਡੀ ਦਲਾਂ ਦੇ ਖ਼ਾਤਮੇ ਨਾਲ ਸਬੰਧਤ ਮਾਮਲੇ 'ਚ ਉਨ੍ਹਾਂ ਨੂੰ ਕਿਸੇ ਕਿਸਮ ਦੀ ਮਦਦ ਦੀ ਜ਼ਰੂਰਤ ਹੈ, ਤਾਂ ਉਹ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਅਜਿਹਾ ਲੋੜੀਂਦਾ ਇੰਤਜ਼ਾਮ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਸਮੱਸਿਆ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਹੱਲ ਲੱਭਣ ਲਈ ਪੂਰੀ ਤਕਨਾਲੋਜੀ ਤੇ ਮੁਹਾਰਤ ਮੌਜੂਦ ਹੈ।

ਡਾ. ਢਿੱਲੋਂ ਨੇ ਦਸਿਆ ਕਿ ਦਰਅਸਲ, ਅਰਬ ਪ੍ਰਾਇਦੀਪ ਵਿਚ ਬੇਮੌਸਮੀ ਵਰਖਾ ਕਾਰਨ ਟਿੱਡੀ ਦਲਾਂ ਦੀ ਗਿਣਤੀ ਵਿਚ ਚੋਖਾ ਵਾਧਾ ਹੋ ਗਿਆ ਹੈ। ਉਨ੍ਹਾਂ ਦਸਿਆ ਕਿ ਉਸ ਪ੍ਰਾਇਦੀਪ 'ਚ ਟਿੱਡੀ ਦਲਾਂ ਦੀ ਭਰਮਾਰ ਰਹਿੰਦੀ ਹੈ। ਪਾਕਿਸਤਾਨ 'ਚ ਬੀਤੇ ਨਵੰਬਰ ਤੇ ਦਸੰਬਰ ਮਹੀਨਿਆਂ ਦੌਰਾਨ ਟਿੱਡੀ ਦਲਾਂ ਨੇ ਵੱਡੇ ਪੱਧਰ 'ਤੇ ਫ਼ਸਲਾਂ ਦਾ ਨੁਕਸਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਦੇ ਖੇਤੀਬਾੜੀ ਮਾਹਿਰ ਤੇ ਵਿਗਿਆਨੀ ਸਮੇਂ ਸਿਰ ਵਾਜਬ ਕਦਮ ਚੁੱਕਦੇ, ਤਾਂ ਟਿੱਡੀ ਦਲਾਂ ਦੀ ਘੁਸਪੈਠ ਆਸਾਨੀ ਨਾਲ ਰੁਕ ਸਕਦੀ ਸੀ।

ਉਨ੍ਹਾਂ ਕਿਹਾ ਕਿ ਪਹਿਲਾਂ ਕਦੇ ਸਰਦੀਆਂ ਦੇ ਮੌਸਮ ਵਿਚ ਟਿੱਡੀ ਦਲਾਂ ਦੀ ਆਮਦ ਨਹੀਂ ਸੀ ਹੋਈ। ਇਹ ਇਕ ਨਵਾਂ ਵਰਤਾਰਾ ਹੈ। ਉਨ੍ਹਾਂ ਦਸਿਆ ਕਿ 1962 ਤੋਂ ਬਾਅਦ ਪੰਜਾਬ ਦੇ ਖੇਤਾਂ 'ਤੇ ਕਦੇ ਵੀ ਟਿੱਡੀ ਦਲਾਂ ਦਾ ਕੋਈ ਵੱਡਾ ਹਮਲਾ ਨਹੀਂ ਹੋਇਆ ਪਰ 1978 ਤੇ 1993 'ਚ ਜ਼ਰੂਰ ਵੱਡੀ ਗਿਣਤੀ 'ਚ ਇਹ ਟਿੱਡੀ ਦਲ ਵੇਖੇ ਗਏ ਸਨ। ਉਨ੍ਹਾਂ ਦਸਿਆ ਕਿ 1998, 2002, 2005, 2007 ਤੇ 2010 'ਚ ਟਿੱਡੀ ਦਲ ਆਏ ਸਨ ਪਰ ਉਸ ਤੋਂ ਬਾਅਦ ਦੁਬਾਰਾ ਇਨ੍ਹਾਂ ਦੀ ਆਮਦ ਨਹੀਂ ਸੀ ਹੋਈ।