ਕਿਸਾਨਾਂ ਦੇ ਹੱਕ 'ਚ ਭੁੱਖ ਹੜਤਾਲ ਕਰਨ ਤੋਂ ਭੱਜੇ ਅੰਨਾ ਹਜਾਰੇ, ਜਾਣੋ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਜਸੇਵੀ ਅੰਨਾ ਹਜਾਰੇ ਨੇ ਖੇਤੀ ਕਾਨੂੰਨਾਂ ਦੇ ਖਿਲਾਫ਼ ਅਪਣਾ ਪ੍ਰਸਤਾਵਿਤ...

Anna Hazare

ਨਵੀਂ ਦਿੱਲੀ: ਸਮਾਜਸੇਵੀ ਅੰਨਾ ਹਜਾਰੇ ਨੇ ਖੇਤੀ ਕਾਨੂੰਨਾਂ ਦੇ ਖਿਲਾਫ਼ ਅਪਣਾ ਪ੍ਰਸਤਾਵਿਤ ਭੁੱਖ ਹੜਤਾਲ ਹੁਣ ਨਾ ਕਰਨ ਦਾ ਫ਼ੈਸਲਾ ਲਿਆ ਹੈ। ਅੰਨਾ ਨੇ ਖੁਦ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ ਵਿਚ ਐਲਾਨ ਕੀਤਾ ਹੈ, ਇਹ ਹੀ ਨਹੀਂ ਅੰਨਾ ਨੇ ਕਿਸਾਨਾਂ ਦੇ ਹਿੱਤ ਵਿਚ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਸਮਰਥਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਖਿਲਾਫ਼ ਉਹ ਸ਼ਨੀਵਾਰ ਤੋਂ ਭੁੱਖ ਹੜਤਾਲ ਕਰਨ ਵਾਲੇ ਸੀ। ਇਸ ਦੌਰਾਨ ਇਸ ਤੋਂ ਪਹਿਲਾਂ ਅੰਨਾ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਉਹ ਮਹਾਰਾਸ਼ਟਰ ਦੇ ਆਪਣੇ ਪਿੰਡ ਰਾਲੇਗਣ ਸਿੰਧੀ ਵਿਚ ਭੁੱਖ ਹੜਤਾਲ ਸ਼ੁਰੂ ਕਰਨਗੇ।

ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਮੈਂ ਖੇਤੀ ਖੇਤਰਾਂ ਵਿਚ ਸੁਰੱਖਿਆ ਦੀ ਮੰਗ ਕਰਦਾ ਰਿਹਾ ਹਾਂ ਪਰ ਅਜਿਹਾ ਲਗਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਜੁੜੇ ਮਸਲੇ ਨੂੰ ਲੈ ਕੇ ਸੰਵੇਦਨਸ਼ੀਲ ਹੈ। ਉਨ੍ਹਾਂ ਨੇ ਅਪਣੇ ਸਮਰਥਕਾਂ ਨੂੰ ਇਹ ਵੀ ਅਪੀਲ ਕੀਤੀ ਸੀ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਉਹ ਉਨ੍ਹਾਂ ਦੀਆਂ ਮੰਗਾਂ ਵਿਚ ਇਕੱਠੇ ਨਾ ਹੋਣ।

ਜ਼ਿਕਰਯੋਗ ਹੈ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹਜਾਰਾਂ ਦੀ ਗਿਣਤੀ ਵਿਚ ਕਿਸਾਨ ਮੋਰਚੇ ਉਤੇ ਡਟੇ ਹੋਏ ਹਨ। ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਕਿਸਾਨਾਂ ਦਾ ਕਹਿਣੈ ਕਿ ਸਰਕਾਰ ਜਦੋਂ ਤੱਕ ਤਿੰਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ, ਉਹ ਉਥੋਂ ਨਹੀਂ ਹਟਣਗੇ। ਕੇਂਦਰ ਸਰਕਾਰ ਦੇ ਨਾਲ ਇਸ ਮਸਲੇ ਉਤੇ ਉਨ੍ਹਾਂ ਦੀਆਂ 11 ਮੀਟਿੰਗਾਂ ਬੇਸਿੱਟਾ ਰਹੀਆਂ ਹਨ।