ਰਾਤੋ-ਰਾਤ ਬਦਲੇ ਮਾਹੌਲ ਤੋਂ ਬਾਅਦ ਰਾਕੇਸ਼ ਟਿਕੈਤ ਨੂੰ ਮਿਲਣ ਪਹੁੰਚੇ ਸਿਆਸੀ ਆਗੂ ਜਯੰਤ ਚੌਧਰੀ
ਪ੍ਰਧਾਨ ਮੰਤਰੀ ਸਾਰੇ ਵਿਸ਼ਿਆਂ ‘ਤੇ ਬੋਲਦੇ ਹਨ, ਕਿਸਾਨਾਂ ਬਾਰੇ ਵੀ ਬੋਲਣ- ਜਯੰਤ ਚੌਧਰੀ
ਨਵੀਂ ਦਿੱਲੀ: ਬੀਤੇ ਦਿਨ ਦਿੱਲੀ-ਯੂਪੀ ਬਾਰਡਰ ਗਾਜ਼ੀਪੁਰ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਖੇਤੀ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਨੂੰ ਪ੍ਰਦਰਸ਼ਨ ਖ਼ਤਮ ਕਰਨ ਲਈ ਕਿਹਾ ਗਿਆ। ਇਸ ਦੌਰਾਨ ਕਈ ਅਫ਼ਵਾਹਾਂ ਵੀ ਸਾਹਮਣੇ ਆਈਆਂ। ਕਿਸਾਨਾਂ ਨੇ ਮੋਰਚਾ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਵੁਕ ਲਹਿਜ਼ੇ ਵਿਚ ਐਲਾਨ ਕੀਤਾ ਕਿ ਉਹ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ ਪਰ ਬਾਰਡਰ ਖ਼ਾਲੀ ਨਹੀਂ ਕਰਨਗੇ। ਰਾਤੋ-ਰਾਤ ਬਦਲੇ ਮਾਹੌਲ ਤੋਂ ਬਾਅਦ ਕਿਸਾਨੀ ਮੋਰਚੇ ਨੂੰ ਹਮਾਇਤ ਦੇਣ ਲਈ ਭਾਰੀ ਗਿਣਤੀ ਵਿਚ ਕਿਸਾਨ ਦਿੱਲੀ ਬਾਰਡਰ ‘ਤੇ ਪਹੁੰਚ ਰਹੇ ਹਨ।
ਇਸ ਦੌਰਾਨ ਆਰਐਲਡੀ ਨੇਤਾ ਜਯੰਤ ਚੌਧਰੀ ਵੀ ਗਾਜ਼ੀਪੁਰ ਬਾਰਡਰ ਪਹੁੰਚੇ ਹਨ। ਉਹਨਾਂ ਕਿਹਾ ਕਿਸਾਨ ਬਹੁਤ ਕੁਝ ਸਹਿ ਲੈਂਦਾ ਹੈ, ਇਹ ਵੀ ਸਹਿ ਲਵੇਗਾ।ਉਹਨਾਂ ਕਿਹਾ ਅੱਜ ਸੰਸਦ ਦੇ ਬਜਟ ਇਜਲਾਸ ਦਾ ਪਹਿਲਾ ਦਿਨ ਹੈ ਅਤੇ ਕਿਸਾਨਾਂ ਦਾ ਮੁੱਦਾ ਸੰਸਦ ਵਿਚ ਵੀ ਚੁੱਕਣਾ ਚਾਹੀਦਾ ਹੈ। ਜੇਕਰ ਸਰਕਾਰ ਪਿੱਛੇ ਹਟਦੀ ਹੈ ਤਾਂ ਇਸ ਨਾਲ ਉਹਨਾਂ ਦੀ ਕਮਜ਼ੋਰੀ ਨਹੀਂ ਝਲਕੇਗੀ।
ਉਹਨਾਂ ਕਿਹਾ ਪ੍ਰਧਾਨ ਮੰਤਰੀ ਸਾਰੇ ਵਿਸ਼ਿਆਂ ‘ਤੇ ਬੋਲਦੇ ਹਨ, ਕਿਸਾਨਾਂ ਬਾਰੇ ਵੀ ਕੁਝ ਬੋਲਣ। ਪੀਐਮ ਨੂੰ ਕਿਸਾਨਾਂ ਦਾ ਵਿਸ਼ਵਾਸ ਜਿੱਤਣਾ ਹੋਵੇਗਾ। ਦੱਸ ਦਈਏ ਕਿ ਬੀਤੇ ਦਿਨ ਰਾਕੇਸ਼ ਟਿਕੈਤ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਰਾਕੇਸ਼ ਟਿਕੈਤ ਦੇ ਭਰਾ ਨਰੇਸ਼ ਟਿਕੈਤ ਵੀ ਭਾਰੀ ਗਿਣਤੀ ਵਿਚ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਰਵਾਨਾ ਹੋਏ।