ਬਾਬਾ ਸਿੱਦੀਕੀ ਕਤਲ ਕੇਸ : ਅਨਮੋਲ ਬਿਸ਼ਨੋਈ ਤੇ ਦੋ ਹੋਰਾਂ ਵਿਰੁਧ ਗੈਰ ਜ਼ਮਾਨਤੀ ਵਾਰੰਟ ਜਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਅਮਰੀਕਾ ’ਚ ਸਮਰੱਥ ਅਥਾਰਟੀ ਕੋਲ ਅਨਮੋਲ ਬਿਸ਼ਨੋਈ ਦੀ ਹਵਾਲਗੀ ਦੀ ਬੇਨਤੀ ਪਹਿਲਾਂ ਹੀ ਕਰ ਚੁਕੀ ਹੈ

Anmol Bishnoi.

ਮੁੰਬਈ : ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ਵਿਚ ਲੋੜੀਂਦੇ ਗੈਂਗਸਟਰ ਅਨਮੋਲ ਬਿਸ਼ਨੋਈ ਅਤੇ ਦੋ ਹੋਰ ਮੁਲਜ਼ਮਾਂ ਵਿਰੁਧ  ਬੁਧਵਾਰ  ਨੂੰ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ। 

ਮਹਾਰਾਸ਼ਟਰ ਸੰਗਠਤ  ਅਪਰਾਧ ਕੰਟਰੋਲ ਐਕਟ (ਮਕੋਕਾ) ਤਹਿਤ ਦਰਜ ਮਾਮਲਿਆਂ ਦੇ ਵਿਸ਼ੇਸ਼ ਜੱਜ ਬੀ ਡੀ ਸ਼ੇਲਕੇ ਨੇ ਅਪਣੇ  ਹੁਕਮ ਵਿਚ ਕਿਹਾ ਕਿ ਅਦਾਲਤ ਦਾ ਵਿਚਾਰ ਹੈ ਕਿ ਲੋੜੀਂਦਾ ਦੋਸ਼ੀ ਬਿਸ਼ਨੋਈ ਫਰਾਰ ਹੋ ਗਿਆ ਹੈ ਜਾਂ ਸੰਮਨ ਦੀ ਪਾਲਣਾ ਨਹੀਂ ਕਰੇਗਾ। ਜੱਜ ਨੇ ਕਿਹਾ ਕਿ ਇਸ ਲਈ ਉਸ ਦੀ ਪੇਸ਼ੀ ਨੂੰ ਯਕੀਨੀ ਬਣਾਉਣ ਲਈ ਉਸ ਦੇ ਵਿਰੁਧ  ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨਾ ਜ਼ਰੂਰੀ ਹੈ। 

ਅਦਾਲਤ ਨੇ ਕਤਲ ’ਚ ਸ਼ਾਮਲ ਭਗੌੜੇ ਮੁਲਜ਼ਮਾਂ ਸ਼ੁਭਮ ਲੋਨਕਰ ਅਤੇ ਮੁਹੰਮਦ ਯਾਸੀਨ ਅਖਤਰ ਵਿਰੁਧ  ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਵੀ ਅਜਿਹੀਆਂ ਟਿਪਣੀਆਂ ਕੀਤੀਆਂ। ਜੱਜ ਨੇ ਕਿਹਾ ਕਿ ਅਦਾਲਤ ਅਪ੍ਰੈਲ 2024 ’ਚ ਅਦਾਕਾਰ ਸਲਮਾਨ ਖਾਨ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਗੋਲੀਬਾਰੀ ਨਾਲ ਜੁੜੇ ਮਾਮਲੇ ’ਚ ਅਮਰੀਕਾ ’ਚ ਸਮਰੱਥ ਅਥਾਰਟੀ ਕੋਲ ਅਨਮੋਲ ਬਿਸ਼ਨੋਈ ਦੀ ਹਵਾਲਗੀ ਦੀ ਬੇਨਤੀ ਪਹਿਲਾਂ ਹੀ ਕਰ ਚੁਕੀ ਹੈ। 

ਪੁਲਿਸ ਨੇ 12 ਅਕਤੂਬਰ ਨੂੰ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦੀਕੀ ਦੀ ਹੱਤਿਆ ਦੇ ਸਬੰਧ ’ਚ ਗ੍ਰਿਫਤਾਰ ਕੀਤੇ ਗਏ 26 ਮੁਲਜ਼ਮਾਂ ਵਿਰੁਧ  ਚਾਰਜਸ਼ੀਟ ਦਾਇਰ ਕੀਤੀ ਹੈ। ਅਨਮੋਲ ਬਿਸ਼ਨੋਈ, ਲੋਨਕਰ ਅਤੇ ਅਖਤਰ ਇਸ ਮਾਮਲੇ ’ਚ ਲੋੜੀਂਦੇ ਹਨ। ਅਨਮੋਲ ਬਿਸ਼ਨੋਈ ਦੇ ਅਮਰੀਕਾ ਜਾਂ ਕੈਨੇਡਾ ’ਚ ਹੋਣ ਦਾ ਸ਼ੱਕ ਹੈ। 

ਸਿੱਦੀਕੀ (66) ਦੀ 12 ਅਕਤੂਬਰ, 2024 ਦੀ ਰਾਤ ਨੂੰ ਮੁੰਬਈ ਦੇ ਬਾਂਦਰਾ (ਪੂਰਬੀ) ਇਲਾਕੇ ’ਚ ਸਿੱਦੀਕੀ ਦੇ ਬੇਟੇ ਅਤੇ ਸਾਬਕਾ ਵਿਧਾਇਕ ਜ਼ੀਸ਼ਾਨ ਸਿੱਦੀਕੀ ਦੇ ਦਫਤਰ ਦੇ ਬਾਹਰ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ  ਸੀ। ਕਤਲ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ’ਤੇ  ਸਖਤ ਮਹਾਰਾਸ਼ਟਰ ਸੰਗਠਤ  ਅਪਰਾਧ ਕੰਟਰੋਲ ਐਕਟ (ਮਕੋਕਾ) ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਫਿਲਹਾਲ ਉਹ ਨਿਆਂਇਕ ਹਿਰਾਸਤ ’ਚ ਹਨ।