Himachal Pradesh: ਵਿਧਾਨ ਸਭਾ ਸਪੀਕਰ ਨੇ ਕਾਂਗਰਸ ਦੇ ਛੇ ਵਿਧਾਇਕਾਂ ਨੂੰ ਕੀਤਾ ਅਯੋਗ ਕਰਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਧਾਇਕਾਂ ਨੇ ਕਾਂਗਰਸ ਦੇ ਵ੍ਹਿਪ ਦੀ ਉਲੰਘਣਾ ਕੀਤੀ, ਜਿਸ ਕਾਰਨ ਦਲ-ਬਦਲ ਵਿਰੋਧੀ ਕਾਨੂੰਨ ਲਾਗੂ ਕੀਤਾ ਗਿਆ

File Photo

Himachal Pradesh:  ਸ਼ਿਮਲਾ - ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਵੀਰਵਾਰ ਨੂੰ ਕਾਂਗਰਸ ਦੇ 6 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਹੈ। ਇਨ੍ਹਾਂ ਵਿਧਾਇਕਾਂ ਨੇ ਹਾਲ ਹੀ 'ਚ ਹੋਈਆਂ ਰਾਜ ਸਭਾ ਚੋਣਾਂ 'ਚ ਸੂਬੇ ਦੀ ਇਕਲੌਤੀ ਸੀਟ ਲਈ ਕ੍ਰਾਸ ਵੋਟਿੰਗ ਕੀਤੀ ਸੀ।
ਉਨ੍ਹਾਂ ਨੇ ਵਿੱਤ ਬਿੱਲ 'ਤੇ ਸਰਕਾਰ ਦੇ ਹੱਕ 'ਚ ਵੋਟ ਪਾਉਣ ਲਈ ਪਾਰਟੀ ਵ੍ਹਿਪ ਦੀ ਉਲੰਘਣਾ ਕਰਦੇ ਹੋਏ ਵਿਧਾਨ ਸਭਾ 'ਚ ਬਜਟ 'ਤੇ ਵੋਟਿੰਗ ਤੋਂ ਵੀ ਪਰਹੇਜ਼ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। 

ਅਯੋਗ ਕਰਾਰ ਦਿੱਤੇ ਗਏ ਵਿਧਾਇਕਾਂ ਵਿਚ ਰਾਜੇਂਦਰ ਰਾਣਾ, ਸੁਧੀਰ ਸ਼ਰਮਾ, ਇੰਦਰ ਦੱਤ ਲਖਨਪਾਲ, ਦਵਿੰਦਰ ਕੁਮਾਰ ਭੁੱਟੋ, ਰਵੀ ਠਾਕੁਰ ਅਤੇ ਚੈਤਨਿਆ ਸ਼ਰਮਾ ਸ਼ਾਮਲ ਹਨ। ਪਠਾਨੀਆ ਨੇ ਬੁੱਧਵਾਰ ਨੂੰ ਵਿਧਾਇਕਾਂ ਨੂੰ ਅਯੋਗ ਠਹਿਰਾਉਣ 'ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਵੀਰਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਧਾਇਕਾਂ ਨੇ ਕਾਂਗਰਸ ਦੇ ਵ੍ਹਿਪ ਦੀ ਉਲੰਘਣਾ ਕੀਤੀ, ਜਿਸ ਕਾਰਨ ਦਲ-ਬਦਲ ਵਿਰੋਧੀ ਕਾਨੂੰਨ ਲਾਗੂ ਕੀਤਾ ਗਿਆ ਕਿਉਂਕਿ ਉਹ ਪਾਰਟੀ ਦੀ ਟਿਕਟ 'ਤੇ ਚੁਣੇ ਗਏ ਸਨ।

ਸਪੀਕਰ ਨੇ ਕਿਹਾ ਕਿ ਇਨ੍ਹਾਂ ਛੇ ਵਿਧਾਇਕਾਂ ਨੂੰ ਅਯੋਗ ਠਹਿਰਾਇਆ ਜਾਂਦਾ ਹੈ ਅਤੇ ਉਹ ਤੁਰੰਤ ਪ੍ਰਭਾਵ ਨਾਲ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਨਹੀਂ ਰਹਿਣਗੇ। '' ਇਨ੍ਹਾਂ ਵਿਧਾਇਕਾਂ ਨੇ ਮੰਗਲਵਾਰ ਨੂੰ ਰਾਜ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਹਰਸ਼ ਮਹਾਜਨ ਦੇ ਹੱਕ 'ਚ ਕ੍ਰਾਸ ਵੋਟਿੰਗ ਕੀਤੀ ਸੀ ਅਤੇ ਬਾਅਦ 'ਚ ਉਹ ਵਿਧਾਨ ਸਭਾ 'ਚ ਬਜਟ 'ਤੇ ਵੋਟਿੰਗ ਦੌਰਾਨ ਗੈਰ-ਹਾਜ਼ਰ ਰਹੇ।

ਪਠਾਨੀਆ ਵੱਲੋਂ ਭਾਜਪਾ ਦੇ 15 ਵਿਧਾਇਕਾਂ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਵਿੱਤ ਬਿੱਲ ਸਦਨ ਵਿੱਚ ਆਵਾਜ਼ ਵੋਟ ਨਾਲ ਪਾਸ ਹੋ ਗਿਆ। ਇਸ ਤੋਂ ਬਾਅਦ ਸਪੀਕਰ ਨੇ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ। ਹਿਮਾਚਲ ਪ੍ਰਦੇਸ਼ 'ਚ ਭਾਜਪਾ ਨੇ ਮੰਗਲਵਾਰ ਨੂੰ ਰਾਜ ਸਭਾ ਦੀ ਇਕਲੌਤੀ ਸੀਟ 'ਤੇ ਜਿੱਤ ਦਰਜ ਕੀਤੀ ਅਤੇ ਇਸ ਦੇ ਉਮੀਦਵਾਰ ਹਰਸ਼ ਮਹਾਜਨ ਨੇ ਕਾਂਗਰਸ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੂੰ ਹਰਾਇਆ।

ਇਸ ਸੰਕਟ ਦੌਰਾਨ ਕਈ ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। 68 ਮੈਂਬਰੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ 'ਚ ਕਾਂਗਰਸ ਦੇ 40, ਭਾਜਪਾ ਦੇ 25 ਅਤੇ ਤਿੰਨ ਸੀਟਾਂ 'ਤੇ ਆਜ਼ਾਦ ਵਿਧਾਇਕਾਂ ਦਾ ਕਬਜ਼ਾ ਹੈ।