ਬੰਗਾਲ ਹਿੰਸਾ : ਆਸਨਸੋਲ 'ਚ 30 ਲੋਕ ਗ੍ਰਿਫ਼ਤਾਰ, ਇੰਟਰਨੈੱਟ ਸੇਵਾ ਕੀਤੀ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮ ਬੰਗਾਲ ਵਿਚ ਰਾਮ ਨੌਮੀ ਦੇ ਦਿਹਾੜੇ ਮੌਕੇ ਫੈਲੀ ਹਿੰਸਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਹ ਹਿੰਸਾ ਸੂਬੇ ਦੇ ਹੋਰਨਾਂ ਖੇਤਰਾਂ ਵਿਚ ਵੀ ਫੈਲਦੀ ਜਾ ਰਹੀ ਹੈ।

Bengal violence internet service stopped

ਆਸਨਸੋਲ, ਰਾਨੀਗੰਜ : ਪੱਛਮ ਬੰਗਾਲ ਵਿਚ ਰਾਮ ਨੌਮੀ ਦੇ ਦਿਹਾੜੇ ਮੌਕੇ ਫੈਲੀ ਹਿੰਸਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਹ ਹਿੰਸਾ ਸੂਬੇ ਦੇ ਹੋਰਨਾਂ ਖੇਤਰਾਂ ਵਿਚ ਵੀ ਫੈਲਦੀ ਜਾ ਰਹੀ ਹੈ। ਸੂਬੇ ਵਿਚ ਭਿਆਨਕ ਹਿੰਸਾ ਫੈਲਦੀ ਜਾ ਰਹੀ ਹੈ ਪਰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਿੱਲੀ ਵਿਚ ਤੀਸਰੇ ਮੋਰਚੇ ਦੀ ਤਿਆਰੀ ਵਿਚ ਲੱਗੀ ਹੋਈ ਹੈ। ਆਸਨਸੋਲ, ਰਾਨੀਗੰਜ, ਬਰਧਮਾਨ ਸਮੇਤ ਕਈ ਥਾਵਾਂ 'ਤੇ ਅਜੇ ਵੀ ਹਾਲਾਤ ਕਾਫ਼ੀ ਖ਼ਰਾਬ ਹਨ। ਹਾਲਾਂਕਿ, ਮਮਤਾ ਬੈਨਰਜੀ ਦੇ ਅੱਜ ਸ਼ਾਮ ਤਕ ਹੀ ਵਾਪਸ ਪਰਤਣ ਦੀ ਉਮੀਦ ਹੈ। 

ਆਸਨਸੋਲ ਦੇ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਹਿੰਸਾ ਦੇ ਚਲਦੇ ਇੰਟਰਨੈੱਟ ਸਸੇਵਾ ਨੂੰ ਅਗਲੇ 48 ਘੰਟਿਆਂ ਲਈ ਬੰਦ ਕਰ ਦਿਤਾ ਗਿਆ ਹੈ। ਉਥੇ ਹੀ ਕਰੀਬ 30 ਲੋਕਾਂ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਅਜੇ ਵੀ ਕਈ ਛੋਟੇ ਪਿੰਡਾਂ ਵਿਚ ਹਾਲਾਤ ਕਾਫ਼ੀ ਵਿਗੜੇ ਹੋਏ ਹਨ, ਇਹੀ ਕਾਰਨ ਹੈ ਕਿ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰ ਦਿਤਾ ਗਿਆ ਹੈ। 

ਸੂਬੇ ਦੇ ਰਾਜਪਾਲ ਕੇਸਰੀਨਾਥ ਤਿਵਾਰੀ ਵੀ ਅਜਿਹੇ ਵਿਚ ਆਸਨਸੋਲ ਜਾਣ ਦੀ ਤਿਆਰੀ ਕਰ ਰਹੇ ਸਨ ਪਰ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਉਪਲਬਧ ਕਰਵਾਉਣ ਤੋਂ ਇਨਕਾਰ ਕਰ ਦਿਤਾ ਹੈ। ਰਾਜ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਖੇਤਰ ਵਿਚ ਪੁਲਿਸ ਦੀ ਨਿਯੁਕਤੀ ਨੂੰ ਵੇਖਦੇ ਹੋਏ ਮਾਣਯੋਗ ਰਾਜਪਾਲ ਨੂੰ ਸਮਰੱਥ ਸੁਰੱਖਿਆ ਉਪਲੱਬਧ ਕਰਾਉਣੀ ਮੁਸ਼ਕਲ ਹੋਵੇਗੀ। ਇਹ ਵੀ ਦਸਿਆ ਗਿਆ ਕਿ ਨੇੜਲੇ ਰਾਣੀਗੰਜ ਵਿਚ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ। 

ਇਸੇ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਵੀ ਆਸਨਸੋਲ ਦਾ ਦੌਰਾ ਕਰ ਸਕਦੇ ਹਨ। ਸੁਪ੍ਰਿਯੋ ਹਿੰਸਾ ਨੂੰ ਲੈ ਕੇ ਲਗਾਤਾਰ ਮਮਤਾ ਸਰਕਾਰ 'ਤੇ ਹਮਲੇ ਕਰ ਰਹੇ ਹਨ। ਸੁਪ੍ਰਿਓ ਨੇ ਇਸ ਸੰਬੰਧ ਵਿੱਚ ਟਵੀਟ ਕੀਤਾ ਅਤੇ ਲਿਖਿਆ ਕਿ ਉਹ ਜਿਹਾਦੀ ਸਰਕਾਰ ਨੂੰ ਵਿਖਾ ਦੇਣਗੇ ਕਿ ਬੰਗਾਲ ਦੀ ਆਤਮਾ ਅਜੇ ਜ਼ਿੰਦਾ ਹੈ। ਸੁਪ੍ਰਿਯੋ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਵੀ ਫ਼ੋਨ 'ਤੇ ਗੱਲ ਕੀਤੀ ਹੈ। ਦਸ ਦਈਏ ਕਿ ਕੇਂਦਰ ਸਰਕਾਰ ਨੇ ਵੀ ਬੁੱਧਵਾਰ ਨੂੰ ਇਸ ਮਾਮਲੇ ਵਿਚ ਮਮਤਾ ਸਰਕਾਰ ਤੋਂ ਰਿਪੋਰਟ ਮੰਗੀ ਸੀ। 

ਦਸ ਦਈਏ ਕਿ 25 ਮਾਰਚ ਨੂੰ ਰਾਮ ਨੌਮੀ ਵਾਲੇ ਦਿਨ ਕੱਢੇ ਗਏ ਜੁਲੂਸ ਨੂੰ ਲੈ ਕੇ ਬਰਧਮਾਨ ਜ਼ਿਲ੍ਹੇ ਰਾਣੀਗੰਜ ਇਲਾਕੇ ਵਿਚ ਤਣਾਅ ਦੀ ਸਥਿਤੀ ਪੈਦਾ ਹੋ ਗਈ ਸੀ। ਹਾਲਾਤ ਅੱਗ ਲਗਾਉਣ ਅਤੇ ਫਾਇਰਿੰਗ ਤਕ ਪਹੁੰਚ ਗਏ ਸਨ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ। ਪੁਲਿਸ ਨੇ ਹੁਣ ਤਕ ਇਸ ਮਾਮਲੇ 'ਚ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।