ਰਾਜਾਂ ਨੂੰ ਖੁਲ੍ਹੇ ਦਿਲ ਨਾਲ ਆਰਥਕ ਸਹਾਇਤਾ ਦੇਵੇ ਕੇਂਦਰ : ਨਿਤੀਸ਼ ਕੁਮਾਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਇਹ ਕਹਿੰਦਿਆਂ ਕਿ ਹੁਣ ਅਸੀ ਇਕ-ਦੂਜੇ ਦੇ ਨੇੜੇ ਆ ਗਏ ਹਾਂ, ਕੇਂਦਰ ਸਰਕਾਰ ਨੂੰ
ਪਟਨਾ, 6 ਅਗੱਸਤ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਇਹ ਕਹਿੰਦਿਆਂ ਕਿ ਹੁਣ ਅਸੀ ਇਕ-ਦੂਜੇ ਦੇ ਨੇੜੇ ਆ ਗਏ ਹਾਂ, ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਵਿਚ ਨਿਆਂ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਹੇਠਲੀਆਂ ਅਦਾਲਤਾਂ ਵਾਸਤੇ ਤੁਰਤ ਆਰਥਕ ਸਹਾਇਤਾ ਜਾਰੀ ਕੀਤੀ ਜਾਵੇ।
ਪਟਨਾ ਦੀ ਸ੍ਰੀਕ੍ਰਿਸ਼ਨ ਮੈਮੋਰੀਅਲ ਹਾਲ ਵਿਚ ਨਿਆਂ ਵਿਭਾਗ, ਭਾਰਤ ਸਰਕਾਰ ਦੇ ਕਾਨੂੰਨ ਮੰਤਰਾਲੇ ਅਤੇ ਬਿਹਾਰ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਕਰਵਾਏ ਗਏ ਇਕ ਸਮਾਗਮ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ, ''ਅਸੀ (ਜਨਤਾ ਦਲ-ਯੂ ਅਤੇ ਭਾਜਪਾ) ਇਕੱਠੇ ਹੋ ਗਏ ਹਾਂ ਅਤੇ ਹੁਣ ਇਸ ਦੇ ਨਤੀਜੇ ਵੀ ਸਾਹਮਣੇ ਆਉਣੇ ਚਾਹੀਦੇ ਹਨ।''
ਨਿਤੀਸ਼ ਕੁਮਾਰ ਨੇ ਰਵੀਸ਼ੰਕਰ ਪ੍ਰਸਾਦ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਬਿਹਾਰ ਵਿਚ ਕੁਲ 38 ਜ਼ਿਲ੍ਹੇ ਅਤੇ 101 ਸਬ ਡਵੀਜ਼ਨਾਂ ਹਨ ਜਦਕਿ ਤੁਸੀਂ ਕਹਿ ਰਹੇ ਹੋ ਕਿ ਬਿਹਾਰ ਵਿਚ ਹੇਠਲੀਆਂ ਅਦਾਲਤਾਂ ਵਿਚਲਾ ਕੰਮਕਾਜ ਮਜ਼ਬੂਤ ਬਣਾਉਣ ਲਈ 70 ਕਰੋੜ ਰੁਪਏ ਦਿਤੇ ਜਾਣਗੇ ਪਰ ਇਸ ਨਾਲ ਸਾਡਾ ਮਕਸਦ ਪੂਰਾ ਨਹੀਂ ਹੁੰਦਾ। ਨਿਤੀਸ਼ ਨੇ ਅੱਗੇ ਕਿਹਾ ਕਿ 2005-06 ਵਿਚ ਸੱਤਾ 'ਚ ਆਉਣ ਵੇਲੇ ਬਿਹਾਰ ਦਾ ਬਜਟ 25-26 ਹਜ਼ਾਰ ਕਰੋੜ ਰੁਪਏ ਸੀ ਜੋ ਹੁਣ ਵਧ ਕੇ 1.40 ਲੱਖ ਕਰੋੜ ਰੁਪਏ ਹੋ ਗਿਆ ਹੈ। ਜੇ ਤੁਸੀਂ (ਕੇਂਦਰ) ਆਰਥਕ ਸਹਾਇਤਾ ਦੇਣਾ ਚਾਹੁੰਦੇ ਹੋ ਤਾਂ ਦਿਲ ਖੋਲ੍ਹ ਕੇ ਦਿਉ। (ਏਜੰਸੀ)