'ਭਾਰਤ ਵਿਰੁਧ ਦੋ ਹਫ਼ਤੇ ਅੰਦਰ ਜੰਗ ਛੇੜਨ ਦੀ ਯੋਜਨਾ ਬਣਾ ਰਿਹੈ ਚੀਨ'
ਭਾਰਤੀ ਫ਼ੌਜੀਆਂ ਨੂੰ ਸਿੱਕਮ ਸੈਕਟਰ ਦੇ ਡੋਕਲਾਮ ਇਲਾਕੇ ਵਿਚੋਂ ਦੋ ਹਫ਼ਤਿਆਂ 'ਚ ਬਾਹਰ ਕੱਢਣ ਲਈ ਚੀਨ ਛੋਟੀ ਜੰਗ ਦੀ ਯੋਜਨਾ ਬਣਾ ਰਿਹਾ ਹੈ। ਇਹ ਜਾਣਕਾਰੀ ਇਕ ਸਰਕਾਰੀ ਅਖ਼ਬਾਰ
ਬੀਜਿੰਗ, 5 ਅਗੱਸਤ : ਭਾਰਤੀ ਫ਼ੌਜੀਆਂ ਨੂੰ ਸਿੱਕਮ ਸੈਕਟਰ ਦੇ ਡੋਕਲਾਮ ਇਲਾਕੇ ਵਿਚੋਂ ਦੋ ਹਫ਼ਤਿਆਂ 'ਚ ਬਾਹਰ ਕੱਢਣ ਲਈ ਚੀਨ ਛੋਟੀ ਜੰਗ ਦੀ ਯੋਜਨਾ ਬਣਾ ਰਿਹਾ ਹੈ। ਇਹ ਜਾਣਕਾਰੀ ਇਕ ਸਰਕਾਰੀ ਅਖ਼ਬਾਰ ਵਿਚ ਛਪੇ ਲੇਖ 'ਚ ਦਿਤੀ ਗਈ ਹੈ।
ਗਲੋਬਲ ਟਾਈਮਜ਼ ਨੇ ਕਿਹਾ, ''ਚੀਨ, ਡੋਕਲਾਮ ਵਿਚ ਭਾਰਤ ਨਾਲ ਫ਼ੌਜੀ ਟਕਰਾਅ ਨੂੰ ਲੰਮਾ ਸਮਾਂ ਬਰਦਾਸ਼ਤ ਨਹੀਂ ਕਰੇਗਾ ਅਤੇ ਭਾਰਤੀ ਫ਼ੌਜੀਆਂ ਨੂੰ ਦੋ ਹਫ਼ਤੇ ਦੇ ਅੰਦਰ ਬਾਹਰ ਕਰਨ ਲਈ ਛੋਟੀ ਪੱਧਰ 'ਤੇ ਫ਼ੌਜੀ ਮੁਹਿੰਮ ਛੇੜ ਸਕਦਾ ਹੈ।'' ਸ਼ੰਘਾਈ ਅਕੈਡਮੀ ਆਫ਼ ਸੋਸ਼ਲ ਸਾਇੰਸਿਜ਼ ਵਿਚ ਕੌਮਾਂਤਰੀ ਰਿਸ਼ਤਿਆਂ ਬਾਰੇ ਮਾਹਰ ਹੂ ਝਿਓਂਗ ਨੇ ਅਖ਼ਬਾਰ ਵਿਚ ਲਿਖਿਆ ਕਿ ਚੀਨ ਵਲੋਂ ਫ਼ੌਜੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਸੂਚਿਤ ਕੀਤਾ ਜਾਵੇਗਾ।
ਤਾਜ਼ਾ ਲੇਖ ਵਿਚ ਝਿਓਂਗ ਨੇ ਸਰਕਾਰੀ ਸੀਸੀਟੀਵੀ ਦੀ ਉਸ ਖ਼ਬਰ ਦਾ ਜ਼ਿਕਰ ਵੀ ਕੀਤਾ ਜਿਸ ਵਿਚ ਤਿੱਬਤ ਵਿਖੇ ਫ਼ੌਜੀ ਮਸ਼ਕਾਂ ਬਾਰੇ ਵਿਸਤਾਰਤ ਜਾਣਕਾਰੀ ਦਿਤੀ ਗਈ ਹੈ। ਉਨ੍ਹਾਂ ਕਿਹਾ, ''ਪਿਛਲੇ ਕੁੱਝ ਵਰ੍ਹਿਆਂ ਦੌਰਾਨ ਭਾਰਤ ਦੀ ਚੀਨ ਬਾਰੇ ਨੀਤੀ ਸੁਲਝੀ ਹੋਈ ਨਜ਼ਰ ਨਹੀਂ ਆਈ। ਭਾਰਤ ਦੀ ਵਿਦੇਸ਼ ਨੀਤੀ ਦਾ ਮਿਆਰ ਚੀਨ ਦੇ ਬਰਾਬਰ ਨਹੀਂ ਆ ਸਕਿਆ। ਭਾਰਤ ਉਨ੍ਹਾਂ ਇਲਾਕਿਆਂ ਵਿਚ ਵਿਵਾਦ ਕਰਨਾ ਚਾਹੁੰਦਾ ਹੈ ਜਿਥੇ ਮੂਲ ਤੌਰ 'ਤੇ ਕੋਈ ਵਿਵਾਦ ਹੈ ਹੀ ਨਹੀਂ।''
ਸਿਰਫ਼ ਏਨਾ ਹੀ ਨਹੀਂ, ਅਖ਼ਬਾਰ ਦੇ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਪ੍ਰਤੀ ਕੱਟੜਵਾਦੀ ਨੀਤੀ ਨੇ ਭਾਰਤ ਨੂੰ ਜੰਗ ਦੇ ਮੁਹਾਣੇ 'ਤੇ ਖੜਾ ਕਰ ਦਿਤਾ ਹੈ। ਮੋਦੀ ਨੂੰ ਅਪਣੇ ਗੁਆਂਢੀ ਮੁਲਕ ਦੀ ਤਾਕਤ ਦਾ ਅੰਦਾਜ਼ਾ ਹੋਣਾ ਚਾਹੀਦਾ ਹੈ। ਸੰਪਾਦਕੀ ਮੁਤਾਬਕ, ''ਭਾਰਤ ਦੇ ਅੜੀਅਲਪੁਣੇ ਤੋਂ ਚੀਨ ਬੇਹੱਦ ਹੈਰਾਨ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚੀਨ ਦੀ ਫ਼ੌਜੀ ਤਾਕਤ ਦਾ ਅਹਿਸਾਸ ਹੋਣਾ ਚਾਹੀਦਾ ਹੈ। ਭਾਰਤ ਵਲੋਂ ਸਰਹੱਦ 'ਤੇ ਤੈਨਾਤ ਫ਼ੌਜੀ ਪੀਪਲਜ਼ ਲਿਬਰੇਸ਼ ਆਰਮੀ ਦਾ ਕਿਸੇ ਵੀ ਤਰ੍ਹਾਂ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹਨ। (ਏਜੰਸੀ)