ਕਾਂਗਰਸ ਅਪਣੀ ਹੋਂਦ ਦੇ ਸੰਕਟ ਵਿਚੋਂ ਲੰਘ ਰਹੀ ਹੈ : ਜੈਰਾਮ ਰਮੇਸ਼
ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਕਾਂਗਰਸ 'ਹੋਂਦ ਦੇ ਸੰਕਟ' ਵਿਚੋਂ ਲੰਘ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ..
ਕੋਚੀ, 7 ਅਗੱਸਤ : ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਕਾਂਗਰਸ 'ਹੋਂਦ ਦੇ ਸੰਕਟ' ਵਿਚੋਂ ਲੰਘ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਤੋਂ ਮਿਲ ਰਹੀਆਂ ਚੁਨੌਤੀਆਂ ਦਾ ਟਾਕਰਾ ਕਰਨ ਲਈ ਪਾਰਟੀ ਆਗੂਆਂ ਦੁਆਰਾ ਮਿਲ-ਜੁਲ ਕੇ ਹੰਭਲਾ ਮਾਰਨ ਦੀ ਵਕਾਲਤ ਕੀਤੀ।
ਰਮੇਸ਼ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਹਾਂ, ਕਾਂਗਰਸ ਬੇਹੱਦ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ।'' ਉਨ੍ਹਾਂ ਕਿਹਾ ਕਿ ਕਾਂਗਰਸ ਨੇ 1996 ਤੋਂ 2004 ਤਕ ਚੋਣ ਸੰਕਟ ਦਾ ਸਾਹਮਣਾ ਕੀਤਾ ਜਦੋਂ ਉਹ ਸੱਤਾ ਤੋਂ ਬਾਹਰ ਸੀ। ਪਾਰਟੀ ਨੇ 1977 ਵਿਚ ਵੀ ਚੋਣ ਸੰਕਟ ਦਾ ਸਾਹਮਣਾ ਕੀਤਾ ਜਦੋਂ ਉਹ ਐਮਰਜੰਸੀ ਪਿੱਛੋਂ ਚੋਣਾਂ ਹਾਰ ਗਈ ਸੀ। ਉਨ੍ਹਾਂ ਅੱਗੇ ਕਿਹਾ, ''ਪਰ ਅੱਜ ਮੈਂ ਕਹਿਣਾ ਚਾਹੁੰਦਾ ਹਾਂ ਕਿ ਕਾਂਗਰਸ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਹ ਚੋਣ ਸੰਕਟ ਨਹੀਂ ਹੈ ਅਤੇ ਪਾਰਟੀ ਸਚਮੁਚ ਗੰਭੀਰ ਸੰਕਟ ਵਿਚ ਹੈ।'' ਰਮੇਸ਼ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਰਾਜ ਸਭਾ ਚੋਣਾਂ ਵਿਚ ਪਾਰਟੀ ਨੇਤਾ ਅਹਿਮਦ ਪਟੇਲ ਦੀ ਜਿੱਤ ਯਕੀਨੀ ਬਣਾਉਣ ਲਈ ਗੁਜਰਾਤ ਦੇ ਕਾਂਗਰਸੀ ਵਿਧਾਇਕਾਂ ਨੂੰ ਕਰਨਾਟਕ ਭੇਜਿਆ ਗਿਆ।
ਉਨ੍ਹਾਂ ਨੇ 44 ਵਿਧਾਇਕਾਂ ਨੂੰ ਕਰਨਾਟਕ ਭੇਜਣ ਦੇ ਫ਼ੈਸਲੇ ਨੂੰ ਉਚਿਤ ਠਹਿਰਾਉਂÎਦਿਆਂ ਕਿਹਾ ਕਿ ਅਤੀਤ ਵਿਚ ਭਗਵਾ ਪਾਰਟੀ ਵੀ ਅਪਣੇ ਵਿਧਾਇਕਾਂ ਨੂੰ ਭੇਜ ਚੁੱਕੀ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਲਈ ਇਹ ਸੋਚਣਾ ਗ਼ਲਤ ਸਾਬਤ ਹੋਇਆ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿਰੁਧ ਉਠਣ ਵਾਲੀ ਸੱਤਾ ਵਿਰੋਧੀ ਲਹਿਰ ਖ਼ੁਦ ਬ ਖ਼ੁਦ ਭਾਜਪਾ ਦੇ ਰਾਜ ਵਾਲੇ ਸੂਬਿਆਂ ਵਿਚ ਅਸਰ ਵਿਖਾਏਗੀ।
ਕਾਂਗਰਸੀ ਆਗੂ ਨੇ ਕਿਹਾ, ''ਸਾਨੂੰ ਇਹ ਗੱਲ ਸਮਝਣੀ ਹੋਵੇਗੀ ਕਿ ਅਸੀ ਮੋਦੀ ਅਤੇ ਸ਼ਾਹ ਦਾ ਟਾਕਰਾ ਕਰ ਰਹੇ ਹਾਂ, ਉਹ ਵਖਰਾ ਸੋਚਦੇ ਹਨ ਅਤੇ ਵਖਰਾ ਕਰਦੇ ਹਨ। ਜੇ ਅਪਣੇ ਨਜ਼ਰੀਏ ਵਿਚ ਸੁਧਾਰ ਨਾ ਕੀਤਾ ਸਪੱਸ਼ਟ ਸ਼ਬਦਾਂ ਵਿਚ ਆਖਾਂ, ਸਾਡੀ ਹੋਂਦ ਮਿਟ ਜਾਵੇਗੀ।'' ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਮੰਨਣਾ ਹੋਵੇਗਾ ਕਿ ਭਾਰਤ ਬਦਲ ਗਿਆ ਹੈ। ਪੁਰਾਣੇ ਨਾਹਰੇ ਕੰਮ ਨਹੀਂ ਕਰਦੇ, ਪੁਰਾਣਾ ਫ਼ਾਰਮੂਲਾ ਕੰਮ ਨਹੀਂ ਕਰਦਾ ਅਤੇ ਪੁਰਾਣੇ ਮੰਤਰ ਕੰਮ ਨਹੀਂ ਕਰਦੇ। ਭਾਰਤ ਦੇ ਨਾਲ ਕਾਂਗਰਸ ਪਾਰਟੀ ਨੂੰ ਵੀ ਬਦਲਣਾ ਹੋਵੇਗਾ। (ਪੀਟੀਆਈ)